ਕਣਕ ਦੀ ਬਿਜਾਈ ਸਮੇਤ ਘਰੇਲੂ ਜਨਜੀਵਨ ਹੋ ਰਿਹੈ ਪ੍ਰਭਾਵਿਤ
ਸੁਨਾਮ : ਪੰਜਾਬ ਅੰਦਰ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਗਿਆਰਾਂ ਦਿਨ ਪਹਿਲਾਂ (ਦੀਵਾਲੀ ਤੋਂ ਚਾਰ ਦਿਨ ਪਹਿਲਾਂ) ਖਰੀਦੇ ਗਏ ਝੋਨੇ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ। ਕਿਸਾਨਾਂ ਦੇ ਹੱਥਾਂ ਵਿੱਚ ਪੈਸਾ ਨਾ ਹੋਣ ਕਾਰਨ ਮੰਡੀ ਦਾ ਅਰਥਚਾਰਾ ਡਿੱਕ ਡੋਲੇ ਖਾਣ ਲੱਗਾ ਹੈ , ਕਿਸਾਨਾਂ ਨੂੰ ਕਣਕ ਦੀ ਬਿਜਾਈ ਤੋਂ ਲੈਕੇ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਤੱਕ ਹਰ ਕੰਮ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਰੂਰ ਜ਼ਿਲ੍ਹੇ ਦੀਆਂ ਕਈ ਮੰਡੀਆਂ ਵਿੱਚ ਅਜਿਹੇ ਹਾਲਾਤ ਬਣੇ ਹੋਏ ਹਨ। ਖਰੀਦ ਏਜੰਸੀਆਂ ਵੱਲ ਕਿਸਾਨਾਂ ਦੇ ਕਈ ਸੌ ਕਰੋੜ ਰੁਪਏ ਬਕਾਇਆ ਹਨ ਹਾਲਾਂਕਿ ਸਰਕਾਰ 48 ਘੰਟਿਆਂ ਦੇ ਅੰਦਰ ਭੁਗਤਾਨ ਕਰਨ ਦਾ ਦਾਅਵਾ ਕਰ ਰਹੀ ਹੈ। ਇਕੱਤਰ ਜਾਣਕਾਰੀ ਅਨੁਸਾਰ 27 ਅਕਤੂਬਰ ਤੋਂ ਬਾਅਦ ਖਰੀਦੇ ਗਏ ਝੋਨੇ ਦੀ ਅਦਾਇਗੀ ਕਿਸਾਨਾਂ ਨੂੰ ਨਹੀਂ ਕੀਤੀ ਗਈ। ਸੰਗਰੂਰ ਜ਼ਿਲ੍ਹੇ ਵਿੱਚ ਮਾਰਕਫੈੱਡ, ਪਨਸਪ, ਪਨਗ੍ਰੇਨ ਅਤੇ ਵੇਅਰ ਹਾਊਸ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਉਪਰੋਕਤ ਸਾਰੀਆਂ ਏਜੰਸੀਆਂ ਗਿਆਰਾਂ ਦਿਨ ਪਹਿਲਾਂ ਖਰੀਦੇ ਗਏ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਨਹੀਂ ਪਾ ਰਹੀਆਂ ਜਿਸ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ। ਕਿਸਾਨ ਦਰਬਾਰਾ ਸਿੰਘ ਨੇ ਦੱਸਿਆ ਕਿ ਮਾਰਕਫੈੱਡ ਏਜੰਸੀ ਨੇ ਉਨ੍ਹਾਂ ਦਾ ਝੋਨਾ ਦੀਵਾਲੀ ਤੋਂ ਚਾਰ ਦਿਨ ਪਹਿਲਾਂ 27 ਅਕਤੂਬਰ ਨੂੰ ਪਿੰਡ ਛਾਜਲਾ ਦੇ ਖਰੀਦ ਕੇਂਦਰ ਵਿਖੇ ਖਰੀਦਿਆ ਸੀ ਇਸ ਤੋਂ ਇਲਾਵਾ ਕਈ ਹੋਰ ਕਿਸਾਨਾਂ ਗੁਰਮੇਲ ਸਿੰਘ, ਸਰਬਜੀਤ ਸਿੰਘ ਅਤੇ ਅਮਨਦੀਪ ਸਿੰਘ ਦਾ ਝੋਨਾ ਵੀ ਖਰੀਦਿਆ ਗਿਆ ਸੀ ਪਰ ਦੀਵਾਲੀ ਦੇ ਸੱਤ ਦਿਨ ਬੀਤ ਜਾਣ ਤੋਂ ਬਾਅਦ ਵੀ ਝੋਨੇ ਦੀ ਅਦਾਇਗੀ ਨਹੀਂ ਕੀਤੀ ਗਈ। ਅਜਿਹਾ ਹੀ ਹਾਲ ਸੁਨਾਮ ਦੀ ਅਨਾਜ ਮੰਡੀ ਦਾ ਹੈ। ਇੱਥੇ ਲੱਖਾਂ ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ ਪਰ ਕਿਸਾਨਾਂ ਨੂੰ 27 ਅਕਤੂਬਰ ਤੋਂ ਬਾਅਦ ਖਰੀਦੇ ਗਏ ਝੋਨੇ ਦੀ ਅਦਾਇਗੀ ਨਹੀਂ ਕੀਤੀ ਗਈ। ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਸਮੇਂ ਸਿਰ ਅਦਾਇਗੀ ਨਾ ਮਿਲਣ ਕਾਰਨ ਉਨ੍ਹਾਂ ਦਾ ਪਰਿਵਾਰਕ ਜੀਵਨ ਪ੍ਰਭਾਵਿਤ ਹੋਣ ਲੱਗਾ ਹੈ। ਕਣਕ ਦੀ ਬਿਜਾਈ ਵਿੱਚ ਵੀ ਦੇਰੀ ਹੋ ਰਹੀ ਹੈ।
ਸਰਕਾਰ ਝੋਨੇ ਦੀ ਅਦਾਇਗੀ ਅਤੇ ਲਿਫਟਿੰਗ ਵਿੱਚ ਤੇਜ਼ੀ ਲਿਆਵੇ -- ਉਗਰਾਹਾਂ
ਇਸੇ ਦੌਰਾਨ ਵੀਰਵਾਰ ਨੂੰ ਸੁਨਾਮ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਝੋਨੇ ਦੀ ਲਿਫਟਿੰਗ ਅਤੇ ਅਦਾਇਗੀ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਮੌਸਮ ਦੇ ਮੱਦੇਨਜ਼ਰ ਝੋਨੇ ਵਿੱਚ ਨਮੀ ਦੀ ਮਾਤਰਾ ਵਧਾਕੇ ਸ਼ੈਲਰ ਉਦਯੋਗ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਝੋਨੇ ਦੀ ਖਰੀਦ ਵਿੱਚ ਦੇਰੀ ਹੋਈ ਹੈ ਅਤੇ ਹੁਣ ਮੌਸਮ ਠੰਢਾ ਹੋ ਗਿਆ ਹੈ। ਅਜਿਹੇ 'ਚ ਨਮੀ ਦੀ ਮਾਤਰਾ ਵਧ ਗਈ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੂੰ ਨਮੀ ਦੀ ਮਾਤਰਾ 22 ਫੀਸਦੀ ਤੱਕ ਵਧਾਉਣੀ ਚਾਹੀਦੀ ਹੈ। ਕਿਸਾਨ ਆਗੂ ਨੇ ਕਿਹਾ ਕਿ ਝੋਨੇ ਦੀ ਅਦਾਇਗੀ ਨਾ ਹੋਣਾ ਇੱਕ ਗੰਭੀਰ ਮਾਮਲਾ ਹੈ ਅਜਿਹੇ ਵਿੱਚ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਜਿਣਸਾਂ ਦਾ ਪੈਸਾ ਨਾ ਆਉਣ ਕਾਰਨ ਬਾਜ਼ਾਰਾਂ ਦੀ ਅਰਥਵਿਵਸਥਾ ਦਾ ਡਿੱਕ ਡੋਲੇ ਖਾਣਾ ਸੁਭਾਵਿਕ ਹੈ।