ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਤੇ ਪ੍ਰੋਫੈਸਰ ਡਾ. ਬਲਬੀਰ ਕੌਰ ਦੀ ਪੁਸਤਕ ਗੁਰਮਤਿ ਜੋਤ-ਸਿਧਾਂਤ ਉਸਾਰ ਭਾਗ -1 ਅਤੇ ਜੋਤਿ ਸਿਧਾਂਤ-ਪਾਸਾਰ ਤੇ ਨਿਰੰਤਰਤਾ ਭਾਗ-2 ਅੱਜ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਪੰਜਾਬੀ ਯੂਨੀਵਰਸਿਟੀ ਵੱਲੋਂ ਰਿਲੀਜ਼ ਕਰਵਾਇਆ ਗਿਆ। ਵਿਭਾਗ ਦੇ ਮੁਖੀ ਡਾ. ਪਰਮੀਤ ਕੌਰ ਦੀ ਅਗਵਾਈ ਹੇਠ ਪੁਸਤਕ ਦੀ ਘੁੰਡ ਚੁਕਾਈ ਮੌਕੇ ਇਸ ਪੁਸਤਕ ਦੇ ਬਾਰੇ ਪ੍ਰੋ. ਹਰਜੋਧ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਕਿਤਾਬ ਰਾਹੀਂ ਪੂਰੇ ਗੁਰਮਤਿ ਸਿਧਾਂਤ “ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਵਾਲਾ ਕੰਮ ਕੀਤਾ ਹੈ।
ਉੱਘੇ ਵਿਦਵਾਨ ਪ੍ਰੋ. ਸ਼ਮਸ਼ੇਰ ਸਿੰਘ ਨੇ ਪੁਸਤਕ ਬਾਰੇ ਬਹੁਤ ਹੀ ਭਾਵਪੂਰਨ ਚਰਚਾ ਕਰਦਿਆਂ ਕਿਹਾ ਕਿ ਉਹ ਇਸ ਕਿਤਾਬ ਉਪਰ ਖੋਜ ਭਰਪੂਰ ਕਾਰਜ ਕਰਵਾਉਣਗੇ। ਇਸ ਮੌਕੇ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਗੁਰਪ੍ਰੀਤ ਕੌਰ ਸ਼ਾਮਲ ਹੋਏ। ਡਾ. ਕਰਮਜੀਤ ਕੌਰ, ਡਾ. ਅਮਨਜੋਤ ਕੌਰ ਯੂਨੀਵਰਸਿਟੀ ਤੋਂ ਸ਼ਾਮਲ ਹੋਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੀ ਦੀ ਇਹ ਅਣਥੱਕ ਮਿਹਨਤ ਹੈ ਤੇ ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਡਾ. ਬਲਬੀਰ ਕੌਰ ਨੂੰ ਪ੍ਰਮਾਤਮਾ ਚੰਗੀ ਸਿਹਤ ਦੀ ਬਖ਼ਸ਼ਿਸ਼ ਕਰਨ ਤਾਂ ਜੋ ਉਹ ਆਪਣੇ ਕਾਰਜ ਨਿਰੰਤਰ ਜਾਰੀ ਰੱਖਣ।