ਸੁਨਾਮ : ਦਰਬਾਰ ਬਾਬਾ ਭਾਈ ਮੂਲ ਚੰਦ ਸਾਹਿਬ ਸੁਨਾਮ ਵਿਖੇ ਮਾਲਵੇ ਦੇ ਸੰਤ ਸ਼੍ਰੋਮਣੀ ਇਲਾਹੀ ਫਕੀਰ ਅਤੇ ਸੁਨਾਮ ਸ਼ਹਿਰ ਦੀ ਉੱਘੀ ਰੂਹਾਨੀ ਸ਼ਖ਼ਸੀਅਤ ਬਾਬਾ ਭਾਈ ਮੂਲ ਚੰਦ ਸਾਹਿਬ ਜੀ ਅਤੇ ਉਹਨਾਂ ਦੇ ਗੁਰੂ ਮਹਾਂਦਾਨੀ ਬ੍ਰਹਮ ਗਿਆਨੀ ਬ੍ਰਾਹਮਣ ਗੰਗਾ ਰਾਮ ਜੀ ਦਾ ਜੀਵਨ ਬਿਰਤਾਂਤ ਪੇਸ਼ ਕਰਦੀ ਜੀਤ ਸਿੰਘ ਜੋਸ਼ੀ ਵੱਲੋਂ ਖੋਜ ਅਧਾਰਿਤ ਲਿਖੀ ਪੁਸਤਕ ਸਾਡੇ ਪੁਰਖੇ: ਬਾਬਾ ਗੰਗਾਰਾਮ, ਭਾਈ ਮੂਲ ਚੰਦ ਸਾਹਿਬ ਲੋਕ ਅਰਪਣ ਕੀਤੀ ਗਈ। ਇਹ ਪੁਸਤਕ ਸੁਨਾਮ ਦੇ ਪ੍ਰਬੁੱਧ ਆਰਟਿਸਟ ਐਚ ਮਹਿੰਦਰ ਸਿੰਘ ਦੇ ਖੂਬਸੂਰਤ ਚਿੱਤਰਾਂ ਨਾਲ ਸ਼ਸ਼ੋਭਿਤ ਅਤੇ ਪ੍ਰਿੰਟ ਵੈਲ ਪ੍ਰੈਸ ਅੰਮ੍ਰਿਤਸਰ ਵੱਲੋਂ ਛਾਪੀ ਗਈ ਹੈ।
ਇਸ ਸਾਦੇ ਸਮਾਗਮ ਦੌਰਾਨ ਲੇਖਕ ਨੇ ਭਾਈ ਮੂਲ ਚੰਦ ਸਾਹਿਬ ਅਤੇ ਉਹਨਾਂ ਦੇ ਗੁਰੂ ਬ੍ਰਾਹਮਣ ਗੰਗਾਰਾਮ ਬਾਰੇ ਲਿਖੀ ਪੁਸਤਕ ਸਾਡੇ ਪੁਰਖੇ ਦੇ ਲਿਖੇ ਜਾਣ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਝੀ ਕਰਦਿਆਂ ਸ਼ਪਸਟ ਕੀਤਾ ਕਿ ਭਾਈ ਮੂਲ ਚੰਦ ਸਾਹਿਬ ਅਤੇ ਬ੍ਰਾਹਮਣ ਗੰਗਾਰਾਮ ਅਠਾਰਵੀਂ ਸਦੀ ਬਿਕਰਮੀ ਵਿਚ ਹੋਈਆਂ ਦੋ ਮਹਾਨ ਸ਼ਖਸ਼ੀਅਤਾਂ ਹਨ ਜਿਹਨਾਂ ਨੂੰ ਲੋਕ ਦਰਦ ਦੇ ਮਸੀਹਾ ਕਿਹਾ ਜਾਂਦਾ ਹੈ। ਬ੍ਰਾਹਮਣ ਗੰਗਾਰਾਮ ਨੇ ਸ੍ਰੀ ਅੰਮ੍ਰਿਤ ਸਰੋਵਰ ਦੇ ਨਿਰਮਾਣ ਸਮੇਂ ਪੰਜ ਸੌ ਮਣ ਅੰਨ ਲੰਗਰ ਲਈ ਭੇਟ ਕਰਕੇ ਗੁਰੂ ਘਰੋਂ ਰਿਧੀਆਂ ਸਿਧੀਆਂ ਪ੍ਰਾਪਤ ਕੀਤੀਆਂ ਸਨ। ਇਹਨਾਂ ਦੇ ਅਸ਼ੀਰਵਾਦ ਨਾਲ ਦੁੱਗਲ ਖੱਤਰੀ ਪਰਿਵਾਰ ਵਿਖੇ 1648 ਈ ਵਿਚ ਭਾਈ ਮੂਲ ਚੰਦ ਸਾਹਿਬ ਦਾ ਜਨਮ ਹੋਇਆ ਸੀ। ਇਤਿਹਾਸਕਾਰ ਡਾ ਕਿਰਪਾਲ ਸਿੰਘ ਅਨੁਸਾਰ ਪਟਿਆਲਾ ਰਾਜ ਘਰਾਣੇ ਦਾ ਵਿਸ਼ਾਲ ਰਾਜ ਭਾਗ ਭਾਈ ਮੂਲ ਚੰਦ ਸਾਹਿਬ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੋਇਆ ਸੀ। ਡਾ ਜੋਸ਼ੀ ਅਨੁਸਾਰ ਇਹ ਇਤਿਹਾਸਕ ਬਿਰਤਾਂਤ ਲਿਖਣ ਦਾ ਮੰਤਵ ਸ਼ਰਧਾਲੂ ਸੇਵਕਾਂ ਨੂੰ ਇਨਾਂ ਮਹਾਂਪੁਰਸ਼ਾਂ ਦੇ ਜੀਵਨ ਨਾਲ ਜੁੜੇ ਇਤਿਹਾਸਕ ਤੱਥਾਂ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਲੋਕ ਅਰਪਣ ਸਮਾਗਮ ਵਿਚ ਡਾਕਟਰ ਸੁਖਵਿੰਦਰ ਸਿੰਘ ਜੋਸ਼ੀ ਪ੍ਰੋਫੈਸਰ ਵਾਸੂਦੇਵ ਸਿੰਘ ਜੋਸ਼ੀ, ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ, ਐਡਵੋਕੇਟ ਰਵਨੀਤ ਸਿੰਘ ਜੋਸ਼ੀ, ਹਿਤੇਸ਼ ਇੰਦਰ ਜੋਸ਼ੀ, ਨੰਬਰਦਾਰ ਪਰਮਜੀਤ ਸਿੰਘ ਧਾਲੀਵਾਲ, ਬਲਦੇਵ ਸਿੰਘ ਜੋਸ਼ੀ, ਬਲਰਾਜ ਜੋਸ਼ੀ,ਪ੍ਰੋਫੈਸਰ ਹਰਭਜਨ ਸਿੰਘ ਸੇਲਬਰਾਹ, ਭਾਈ ਮੂਲ ਚੰਦ ਸਾਹਿਬ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਕਰਮਜੀਤ ਸਿੰਘ ਜੋਸ਼ੀ, ਪ੍ਰਧਾਨ ਸੁਖਦੇਵ ਸਿੰਘ ਜੋਸ਼ੀ, ਅਮਰਜੀਤ ਸਿੰਘ ਜੋਸ਼ੀ, ਮੋਹਨ ਸਰੂਪ ਜੋਸ਼ੀ ਅਤੇ ਹੋਰ ਭਾਈ ਕਾ ਪਰਿਵਾਰ ਦੇ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਡਾ ਜੋਸ਼ੀ ਨੇ ਪੁਸਤਕ ਰਿਲੀਜ਼ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਇਸ ਸਮੇਂ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰ ਯੋਗ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।