ਸੁਨਾਮ : ਡੀਏਪੀ ਖ਼ਾਦ ਨਾਲ ਭਰੀ ਇੱਕ ਮਾਲ ਗੱਡੀ ਐਤਵਾਰ ਨੂੰ ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਸੁਨਾਮ ਰੇਲਵੇ ਸਟੇਸ਼ਨ ਤੇ ਪੁੱਜੀ । ਜਿਸ ਨੂੰ ਮਾਰਕਫੈੱਡ ਰਾਹੀਂ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੀਆਂ ਸਹਿਕਾਰੀ ਸਭਾਵਾਂ ਨੂੰ ਭੇਜਿਆ ਜਾਣਾ ਸੀ ਲੇਕਿਨ ਜਿਉਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੂੰ ਇਸਦੀ ਭਿਣਕ ਪਈ ਤਾਂ ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚਕੇ ਮਾਲ ਗੱਡੀ ਨੂੰ ਘੇਰ ਲਿਆ। ਕਿਸਾਨਾਂ ਵੱਲੋਂ ਘੇਰਾਬੰਦੀ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲੀਸ, ਐਸਐਚਓ ਸਿਟੀ ਪ੍ਰਤੀਕ ਜਿੰਦਲ ਅਤੇ ਮਾਰਕਫੈੱਡ ਦੇ ਅਧਿਕਾਰੀ ਮੌਕੇ ਤੇ ਪੁੱਜ ਗਏ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਡੀਏਪੀ ਖ਼ਾਦ ਰੇਲਵੇ ਟਰੈਕ ਤੇ ਹੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖ਼ਾਦ ਡੀਲਰਾਂ ਵੱਲੋਂ ਡੀਏਪੀ ਦੇਣ ਸਮੇਂ ਵਾਧੂ ਸਮਾਨ ਦਿੱਤਾ ਜਾਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ ਤੇ ਚੂਨਾ ਲਾਇਆ ਜਾ ਰਿਹਾ ਹੈ ਅਤੇ ਇਸਦੀ ਕਾਲਾਬਾਜ਼ਾਰੀ ਕੀਤੀ ਜਾਂਦੀ ਹੈ। ਇਸ ਮੌਕੇ ਪਾਲ ਸਿੰਘ ਦੌਲਾ ਸਿੰਘ ਵਾਲਾ, ਗਗਨਦੀਪ ਸਿੰਘ ਚੱਠਾ, ਮਨੀ ਸਿੰਘ ਭੈਣੀ ਤੇ ਹੋਰ ਕਿਸਾਨ ਹਾਜ਼ਰ ਸਨ। ਇਸੇ ਦੌਰਾਨ ਮਾਰਕਫੈੱਡ ਦੇ ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਅਮਰਿੰਦਰ ਜੀਤ ਵਰਮਾ ਨੇ ਦੱਸਿਆ ਕਿ ਮਾਲ ਗੱਡੀ ਵਿੱਚ 2624 ਟਨ ਡੀ.ਏ.ਪੀ. ਜਿਸ ਵਿੱਚੋਂ 500 ਟਨ ਪਟਿਆਲਾ ਅਤੇ 1075 ਟਨ ਸੰਗਰੂਰ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤਾ ਜਾਵੇਗਾ। ਬਾਕੀ ਪ੍ਰਾਈਵੇਟ ਫਰਮਾਂ ਨੂੰ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਨੂੰ ਸਿੱਧੀ ਸਪਲਾਈ ਨਹੀਂ ਕਰ ਸਕਦੇ। ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਹੀ ਖਾਦ ਉਪਲਬਧ ਕਰਵਾਈ ਜਾ ਸਕਦੀ ਹੈ। ਥਾਣਾ ਸ਼ਹਿਰੀ ਸੁਨਾਮ ਦੇ ਐਸਐਚਓ ਪ੍ਰਤੀਕ ਜਿੰਦਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗ ਪੂਰੀ ਕਰ ਦਿੱਤੀ ਗਈ ਹੈ।