ਸੁਨਾਮ : ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੀਆਂ ਹਦਾਇਤਾਂ ਅਨੁਸਾਰ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਦੀ ਅਗਵਾਈ ਹੇਠ ਸੁਨਾਮ ਵਿਖੇ ਟ੍ਰੈਫਿਕ ਪੁਲਿਸ, ਸਾਂਝ ਕੇਂਦਰ ਅਤੇ ਟਰੈਫਿਕ ਮਾਰਸ਼ਲ ਟੀਮ ਵੱਲੋਂ ਆਵਾਜਾਈ ਨਿਯਮਾਂ ਅਤੇ ਸੜਕ ਸੁਰੱਖਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ੍ਰੀ ਚੇਤੰਨਿਆ ਟੈਕਨੋ ਸਕੂਲ, ਸੁਨਾਮ ਵਿਖੇ ਸੈਮੀਨਾਰ ਕਰਵਾਇਆ ਗਿਆ। ਟ੍ਰੈਫਿਕ ਪੁਲਿਸ ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ਨਿਰਭੈ ਸਿੰਘ, ਸਬ ਡਵੀਜ਼ਨ ਸਾਂਝ ਕੇਂਦਰ ਸੁਨਾਮ ਦੇ ਇੰਚਾਰਜ਼ ਸਹਾਇਕ ਥਾਣੇਦਾਰ ਹਰਪਾਲ ਸਿੰਘ, ਟ੍ਰੈਫਿਕ ਮਾਰਸ਼ਲ ਟੀਮ ਸੁਨਾਮ ਦੇ ਇੰਚਾਰਜ ਪੰਕਜ ਅਰੋੜਾ ਆਪਣੀ ਟੀਮ ਨਾਲ ਪਹੁੰਚੇ। ਇਸ ਮੌਕੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਕਦੇ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ। ਵਿਦਿਆਰਥੀਆਂ ਨੂੰ ਨਿਰਧਾਰਿਤ ਸਪੀਡ ਅਤੇ ਨਿਯਮਾਂ ਅਨੁਸਾਰ ਵਾਹਨ ਚਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਹੀ ਵਾਹਨ ਚਲਾਉਣ, ਜਿਨ੍ਹਾਂ ਨੂੰ ਨਿਯਮਾਂ ਅਨੁਸਾਰ ਲਾਇਸੈਂਸ ਜਾਰੀ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਲਾਇਸੰਸਸ਼ੁਦਾ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਹਮੇਸ਼ਾ ਹੈਲਮੇਟ ਅਤੇ ਸੀਟ ਬੈਲਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਮਾਪਿਆਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਨਾਬਾਲਗ ਬੱਚਿਆਂ ਨੂੰ ਬਿਨਾਂ ਲਾਇਸੈਂਸ ਅਤੇ ਦਸਤਾਵੇਜ਼ਾਂ ਤੋਂ ਵਾਹਨ ਨਾ ਦਿੱਤੇ ਜਾਣ। ਟਰੈਫਿਕ ਪੁਲੀਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਨਾਬਾਲਗ ਬਾਈਕ ਜਾਂ ਕਾਰ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਕੈਦ ਹੋ ਸਕਦੀ ਹੈ ਅਤੇ ਭਾਰੀ ਜੁਰਮਾਨਾ ਵੀ ਲਗਾਇਆ ਜਾਵੇਗਾ। ਇਸ ਮੌਕੇ ਏ ਐਸ.ਆਈ ਸੁਖਵਿੰਦਰ ਸਿੰਘ, ਹੈੱਡ ਕਾਂਸਟੇਬਲ ਰਣਜੀਤ ਸਿੰਘ ਜਖੇਪਲ , ਰੋਡ ਸੇਫਟੀ ਮੈਂਬਰ ਸੁਖਵਿੰਦਰ ਸਿੰਘ ਸੁੱਖ ਅਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।