ਪਾਇਲ : ਹਵਾਈ ਅੱਡੇ ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮੁੱਦੇ ਤੇ ਵਿਸ਼ਵ ਭਰ ਚ ਵੱਸਦੇ ਸਿੱਖ ਭਾਈਚਾਰੇ ਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ। ਕਿਉਂਕਿ ਕਿਰਪਾਨ ਸਿੱਖਾਂ ਦਾ ਮਹੱਤਵਪੂਰਨ ਅੰਗ ਹੈ। ਸੰਵਿਧਾਨਿਕ ਤੌਰ ਤੇ ਵੀ ਇਸ ਨੂੰ ਰੋਕਣਾ ਗ਼ਲਤ ਹੈ। ਇਸ ਵਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ਤੋਂ ਰੋਕਣਾ ਬਿਲਕੁਲ ਗ਼ਲਤ , ਮੰਦਭਾਗਾ ਅਤੇ ਸਿੱਖ ਕੌਮ ਨਾਲ ਵੱਡਾ ਧੱਕਾ ਹੈ। ਉਹਨਾਂ ਕਿਹਾ ਕਿ ਕੇਦਰ ਸਰਕਾਰ ਇਸ ਫ਼ੈਸਲੇ ਨੂੰ ਵਾਪਸ ਲਵੇ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਸਮੇ ਸਿੱਖਾਂ ਨੇ 90 ਪ੍ਰਤੀਸ਼ਤ ਕੁਰਬਾਨੀਆਂ ਦੇ ਕੇ ਅਜ਼ਾਦੀ ਦਿਵਾਈ ਹੈ ਅਤੇ ਜੰਗ ਦੇ ਸਮੇ ਵੀ ਦੁਸ਼ਮਣ ਦੀਆਂ ਫ਼ੌਜਾਂ ਦਾ ਡਟ ਕੇ ਸਾਹਮਣਾ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਪਰ ਜਦੋਂ ਸਰਕਾਰ ਸਿੱਖ ਕੌਮ ਨਾਲ ਧੱਕਾ ਕਰਦੀ ਹੈ ਜਦੋਂ ਬੇਗਾਨੀਗੀ ਦਾ ਅਹਿਸਾਸ ਦਿਸਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਗਲਤ ਫ਼ੈਸਲੇ ਨਹੀਂ ਲੈਣੇ ਚਾਹੀਦੇ। ਅਜਿਹੇ ਫ਼ੈਸਲੇ ਲੈਣ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਂਵਾ ਨੂੰ ਭਾਰੀ ਠੇਸ ਪਹੁੰਚਦੀ ਹੈ।