ਰਾੜਾ ਸਾਹਿਬ : ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸ਼ੁਭ ਅਵਸਰ ਤੇ ਆਰੰਭ ਕੀਤੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਦੇ ਭੋਗ ਪਾਏ ਗਏ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਬੀਤੀ ਰਾਤ ਰੈਣਸੁਬਾਈ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਬੇਅੰਤ ਕੀਰਤਨੀ ਸਿੰਘਾਂ ਅਤੇ ਸੰਤ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਉੱਥੇ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ। ਇਸੇ ਤਹਿਤ ਪ੍ਰਕਾਸ਼ ਪੁਰਬ ਮੌਕੇ ਅੱਜ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿਚ ਹਜ਼ੂਰੀ ਕੀਰਤਨੀ ਜਥੇ ਦੇ ਸਿੰਘਾਂ ਨੇ ਕੀਰਤਨ ਦੀ ਆਰੰਭਤਾ ਕੀਤੀ। ਸਮਾਗਮ ਵਿਚ ਸੰਤ ਬਾਬਾ ਬਲਜਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਕੱਤਰ ਹੋਈਆਂ ਦੇਸ਼ ਵਿਦੇਸ਼ ਦੀਆਂ ਨੂੰ ਵਧਾਈ ਦਿੱਤੀ। ਇਸ ਸਮੇਂ ਮਹਾਂਪੁਰਸ਼ਾਂ ਨੇ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਮਹਾਨ ਅਧਿਆਤਮਕ ਗੁਰੂ ਸਨ, ਜਿਨ੍ਹਾਂ ਨੇ ਮਨੁੱਖਤਾ ਨੂੰ ਪਰਮਾਤਮਾ ਦੀ ਭਗਤੀ ਰਾਹੀਂ ਮੁਕਤੀ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਅਤੇ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਉਪਦੇਸ਼ ਦਿੱਤਾ । ਉਨ੍ਹਾਂ ਕਿਹਾ ਕਿ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਰਤੀ ਲੋਕਾਂ ਦਾ ਸਤਿਕਾਰ ਕੀਤਾ ਉੱਥੇ ਮਨੁੱਖਤਾ ਨੂੰ ਨਵੇਂ ਵਿਚਾਰਾਂ, ਆਦਰਸ਼ਾਂ ਨਾਲ ਪ੍ਰੇਰਿਤ ਕਰਨ ਦੇ ਨਾਲ ਨਾਲ ਝੂਠ, ਪਾਖੰਡ ਅਤੇ ਜਾਤ-ਪਾਤ ਵਰਗੀਆਂ ਬੁਰਾਈਆਂ ਤੋਂ ਬਚਣ ਦਾ ਸੁਨੇਹਾ ਵੀ ਦਿੱਤਾ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਗੁਰਬਾਣੀ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕਰਦਿਆਂ ਕਿਹਾ ਕਿ ਸਾਡਾ ਸਭ ਦਾ ਫ਼ਰਜ਼ ਹੈ ਕਿ ਅਸੀਂ ਗੁਰੂ ਸਾਹਿਬ ਵੱਲੋਂ ਬਖਸ਼ੇ ਫ਼ਲਸਫ਼ੇ ਨੂੰ ਸੰਸਾਰ ਵਿਚ ਫੈਲਾਉਣ ਦਾ ਯਤਨ ਕਰੀਏ। ਸਮਾਗਮ ਵਿਚ ਸ਼ਾਮਲ ਹੋਈਆਂ ਸਮੂਹ ਸ਼ਖ਼ਸੀਅਤਾਂ ਦਾ ਸਨਮਾਨ ਮੁੱਖ ਗ੍ਰੰਥੀ ਗਿਆਨੀ ਅਜਵਿੰਦਰ ਸਿੰਘ ਅਤੇ ਮੁੱਖ ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਵਲੋਂ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਨੇ ਜਗਤੁ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਨੁੱਖਤਾ ਨੂੰ ਆਪਣੇ ਅੰਦਰੋਂ ਝੂਠ, ਬੇਈਮਾਨੀ, ਕੂੜ- ਕੁਸੱਤ ਜਿਹੀਆਂ ਬੁਰਾਈਆਂ ਦਾ ਤਿਆਗ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਸੱਚ-ਆਚਾਰ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਭਾਈ ਰਣਧੀਰ ਸਿੰਘ ਢੀਂਡਸਾ ਨੇ ਸਮੂਹ ਸ਼ਖ਼ਸੀਅਤਾਂ ਅਤੇ ਇਕੱਤਰ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ।