ਖਨੌਰੀ : ਗੁਰਦੂਵਾਰਾ ਸਾਹਿਬ ਭੂਟਾਲ ਕਲਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਵਸ ਨੂੰ ਸਮਰਪਿਤ ਸਜਾਏ ਗਏ ਨਗਰ-ਕੀਰਤਨ ਵਿੱਚ ਅਕਾਲ ਸਹਾਇ ਅਕੈਡਮੀ ਗ੍ਰੀਨ ਪਾਰਕ ਭੂਟਾਲ ਕਲਾਂ (ਮਾਨਤਾ ਪ੍ਰਾਪਤ ਸੀ. ਬੀ. ਐੱਸ. ਈ. ਨਵੀਂ ਦਿੱਲੀ-1630815) ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸਮੂਹ ਬੱਚਿਆਂ ਅਤੇ ਸਟਾਫ਼ ਵੱਲੋਂ ਪੱਗਾਂ ਅਤੇ ਦੁਮਾਲੇ ਸਜਾ ਕੇ ਪੂਰੀ ਸ਼ਰਧਾ ਭਾਵਨਾ ਨਾਲ ਹਿੱਸਾ ਲਿਆ ਗਿਆ। ਸਭ ਤੋਂ ਪਹਿਲਾਂ ਸਵੇਰੇ ਅਰਦਾਸ ਦੇ ਨਾਲ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ। ਸਾਰੇ ਬੱਚੇ ਕਤਾਰਾਂ ਵਿੱਚ ਲੱਗੇ ਹੋਏ ਅਤੇ ਦੁਮਾਲੇ ਸਜਾਏ ਬੜੇ ਹੀ ਸੋਹਣੇ ਲੱਗ ਰਹੇ ਸਨ। ਅਕਾਲ ਸਹਾਇ ਅਕੈਡਮੀ ਦੇ ਬੱਚਿਆਂ ਵੱਲੋਂ ਪੰਜ ਪਿਆਰਿਆਂ ਵਜੋਂ ਸੇਵਾ ਨਿਭਾਈ ਗਈ। ਸਕੂਲ ਦੀ ਬੈਂਡ ਪਾਰਟੀ ਵੱਲੋਂ ਭਿੰਦਰ ਸਰ ਦੀ ਅਗਵਾਈ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਵਿਖਾਇਆ ਗਿਆ। ਬੈਂਡ-ਪਾਰਟੀ ਵਿਚਲੇ ਬੱਚੇ ਆਰਮੀ ਦੀ ਡਰੈੱਸ ਵਿੱਚ ਬਹੁਤ ਹੀ ਸੋਹਣੇ ਲੱਗ ਰਹੇ ਸਨ। ਇਹਨਾਂ ਛੋਟੇ-ਛੋਟੇ ਬੱਚਿਆਂ ਵੱਲੋਂ ਸ਼ੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਬੈਂਡ ਬਜਾ ਕੇ ਨਗਰ ਕੀਰਤਨ ਦੀ ਸ਼ਾਨ ਵਧਾਈ ਗਈ। ਸਕੂਲ ਦੀ ਗੱਤਕਾ ਪਾਰਟੀ ਵੱਲੋਂ ਗੱਤਕਾ ਕੋਚ ਸਿਕੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਗੱਤਕੇ ਦੇ ਜ਼ੌਹਰ ਦਿਖਾਏ ਗਏ। ਸਮੂਹ ਬੱਚਿਆਂ ਵੱਲੋਂ ਪੂਰੇ ਰਸਤੇ ਗੁਰਬਾਣੀ ਦੀਆਂ ਧਾਰਨਾਵਾਂ ਗੁਣਗੁਣਾਉਂਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਨਗਰ-ਨਿਵਾਸੀਆਂ ਵੱਲੋਂ ਵੱਖ-ਵੱਖ ਪੜਾਵਾਂ ਉੱਪਰ ਲੰਗਰ ਦਾ ਪ੍ਰਬੰਧ ਕੀਤਾ ਗਿਆ। ਨਗਰ ਕੀਰਤਨ ਦੇ ਨਾਲ ਨਾਲ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਹੀਰਾ ਸਰ ਦੀ ਅਗਵਾਈ ਵਿੱਚ ਕੀਰਤਨ ਕੀਤਾ ਗਿਆ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਧਾਰਨਾਵਾਂ ਗਾਈਆਂ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਪਰ ਚਾਨਣਾ ਪਾਇਆ ਗਿਆ। ਵੱਖ-ਵੱਖ ਪੜਾਵਾਂ ਉੱਪਰ ਗੱਤਕਾ ਟੀਮ ਵੱਲੋਂ ਦਿਖਾਏ ਜੌਹਰਾਂ ਦੇ ਨਾਲ ਨਾਲ ਸਕੂਲ ਦੇ ਵੱਖ ਵੱਖ ਵਿਦਿਆਰਥੀਆਂ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਗੱਤਕੇ ਦੇ ਜ਼ੌਹਰ ਵੇਖਦਿਆਂ ਹੀ ਬਣਦੇ ਸਨ । ਜਿੰਨ੍ਹਾਂ ਨੇ ਲੋਕਾਂ ਨੂੰ ਵੇਖਣ ਲਈ ਹੈਰਾਨ ਕਰ ਦਿੱਤਾ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਗਿਆ ਕਿ ਅਕੈਡਮੀ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਪੂਰੇ ਦਿਨ ਬੜੀ ਹੀ ਸ਼ਰਧਾ ਭਾਵਨਾ ਨਾਲ ਗੁਰੂ ਅਤੇ ਗੁਰਬਾਣੀ ਦੇ ਜੱਸ ਗਾਏ ਗਏ। ਪ੍ਰਬੰਧਕ ਕਮੇਟੀ ਵੱਲੋਂ ਅਕੈਡਮੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੰਸਥਾ ਇਲਾਕੇ ਲਈ ਚਾਨਣ-ਮੁਨਾਰਾ ਹੈ ਜੋ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਦਾ ਹੈ ਅਤੇ ਇਸਦੇ ਨਾਲ ਹੀ ਗੱਤਕੇ ਆਦਿ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਜੋ ਕਿ ਬੱਚਿਆਂ ਦੇ ਵਿੱਦਿਅਕ ਵਿਕਾਸ ਦੇ ਨਾਲ ਨਾਲ ਧਾਰਮਿਕ ਪੱਖ ਨੂੰ ਵੀ ਮਜ਼ਬੂਤ ਕਰਦੀ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਵਿੱਚ ਅਜਿਹੇ ਧਾਰਮਿਕ ਗੁਣ ਪੈਦਾ ਕਰਨ ਵਾਲਾ ਸਟਾਫ਼ ਵੀ ਪ੍ਰਸ਼ੰਸਾ ਦਾ ਪਾਤਰ ਹੈ। ਪ੍ਰਬੰਧਕ ਕਮੇਟੀ ਵੱਲੋਂ ਅਕਾਲ ਸਹਾਇ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਰਜਨੀ ਰਾਣੀ ਜੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸਮੂਹ ਸਟਾਫ਼ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।