ਛਾਜਲੀ ਤੋਂ ਧੀ ਨੂੰ ਮੋਟਰਸਾਈਕਲ ਤੇ ਕਾਲਜ਼ ਛੱਡਣ ਜਾ ਰਿਹਾ ਸੀ ਪਿਤਾ
ਸੁਨਾਮ : ਲਹਿਰਾ ਮੁੱਖ ਸੜਕ ਤੇ ਪੈਂਦੇ ਪਿੰਡ ਛਾਜਲਾ ਕੋਲ ਧੁੰਦ ਕਾਰਨ ਟਰਾਲੇ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਲੜਕੀ ਦੀ ਮੌਤ ਹੋ ਗਈ ਹੈ ਜਦਕਿ ਪਿਤਾ ਹਾਕਮ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਹਾਕਮ ਸਿੰਘ ਆਪਣੀ ਧੀ ਨੂੰ ਛਾਜਲੀ ਤੋਂ ਖੋਖਰ ਵਿਖੇ ਸਥਿਤ ਇੱਕ ਕਾਲਜ਼ ਵਿੱਚ ਪੜ੍ਹਨ ਲਈ ਛੱਡਣ ਜਾ ਰਿਹਾ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ਼ ਹਾਕਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਲੜਕੀ ਅਮਨਦੀਪ ਕੌਰ ਨੂੰ ਖੋਖਰ ਵਿਖੇ ਛਾਜਲੀ ਤੋਂ ਕਾਲਜ ਵਿੱਚ ਛੱਡਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਦੇ ਮੋਟਰਸਾਈਕਲ ਦਾ ਟਰਾਲੇ ਨਾਲ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਸਦੀ ਧੀ ਦੀ ਮੌਤ ਹੋ ਗਈ ਅਤੇ ਉਹ ਜ਼ਖਮੀ ਹੋ ਗਿਆ । ਉਨ੍ਹਾਂ ਕਿਹਾ ਕਿ ਅੱਜ ਸਵੇਰੇ ਬਹੁਤ ਹੀ ਸੰਘਣੀ ਧੁੰਦ ਪੈ ਰਹੀ ਸੀ, ਸੜਕ ਤੇ ਕੁੱਝ ਦਿਖਾਈ ਨਹੀਂ ਦੇ ਰਿਹਾ ਸੀ।
ਇਸ ਦੌਰਾਨ ਥਾਣਾ ਛਾਜਲੀ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਗੁਰਭੇਜ ਸਿੰਘ ਨੇ ਦੱਸਿਆ ਕਿ ਪਿੰਡ ਛਾਜਲਾ ਕੋਲ ਇਹ ਹਾਦਸਾ ਵਾਪਰਿਆ ਹੈ। ਹਾਦਸੇ ਤੋਂ ਬਾਅਦ ਟਰਾਲਾ ਸਵਾਰ ਫਰਾਰ ਹੋ ਗਿਆ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ, ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਿਤਾ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਸਾਹਮਣੇ ਆਇਆ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।