ਸੁਨਾਮ : ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੱਤ ਮੈਂਬਰੀ ਲੁਟੇਰਾ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਕੀਤੇ ਦੋਸ਼ੀਆਂ ਪਾਸੋਂ ਚੋਰੀ ਦੇ ਪੰਜ ਮੋਟਰਸਾਈਕਲ ਤੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਪ ਕਪਤਾਨ ਪੁਲਿਸ ਹਰਵਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵੀ ਸਿੰਘ ਵਾਸੀ ਸੁਨਾਮ ਜੋ ਕਿ ਸੰਗਰੂਰ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ ਸੰਗਰੂਰ ਤੋਂ ਆਪਣਾ ਕੰਮਕਾਰ ਨਬੇੜ ਕੇ ਆਪਣੇ ਘਰ ਸੁਨਾਮ ਨੂੰ ਆ ਰਿਹਾ ਸੀ ਤਾਂ ਕੁਲਾਰਾਂ ਮੋੜ ਤੇ ਜਦੋਂ ਉਹ ਪੁੱਜਿਆ ਤਾਂ ਤਿੰਨ ਨਾ ਮਾਲੂਮ ਵਿਅਕਤੀਆਂ ਨੇ ਉਸਦੇ ਮੂੰਹ ਤੇ ਰਾਡ ਮਾਰਕੇ ਉਸ ਦਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਖੋਹ ਲਿਆ ਸੀ, ਜਿਸ ਦੇ ਚਲਦੇ ਪੁਲਿਸ ਵੱਲੋ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਪ੍ਰਤੀਕ ਜਿੰਦਲ ਥਾਣਾ ਮੁਖੀ ਸਿਟੀ ਸੁਨਾਮ ਨੇ ਸਮੇਤ ਪੁਲਿਸ ਪਾਰਟੀ ਨੇ ਮੁਕੱਦਮੇ ਨੂੰ ਟਰੇਸ ਕਰਕੇ ਮੰਗਾ ਸਿੰਘ ਵਾਸੀ ਖਡਿਆਲ ਹਾਲ ਆਬਾਦ ਨਾਗਾ ਖੇੜੀ,ਮਲਕੀਤ ਸਿੰਘ ਵਾਸੀ ਖਾਸਪੁਰ, ਰਣਬੀਰ ਸਿੰਘ ਵਾਸੀ ਜਨਾਲ ,ਹਰਮਨਜੀਤ ਸਿੰਘ ਵਾਸੀ ਜਨਾਲ ਅਤੇ ਦਿਲਰਾਜ ਸਿੰਘ ਵਾਸੀ ਪਿੰਡ ਖਾਸਪੁਰ ਨੂੰ ਮੁਕੱਦਮੇ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਰਵੀ ਸਿੰਘ ਦਾ ਖੋਹ ਕੀਤਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਬਰਾਮਦ ਕਰਵਾਇਆ ਗਿਆ। ਦੋਸ਼ੀਆਂ ਵੱਲੋਂ ਵਾਰਦਾਤ ਸਮੇਂ ਵਰਤਿਆ ਰਾਡ ਲੋਹਾ ਖੁਰਦ ਬੁਰਦ ਕਰਨ ਕਰਕੇ ਧਾਰਾ 238 ਬੀਐਨਐਸ ਦਾ ਵਾਧਾ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਇਹਨਾਂ ਪਾਸੋਂ ਹੋਰ ਵੀ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਵਾਰਦਾਤਾਂ ਬਾਰੇ ਵੀ ਪਤਾ ਲਗਾਇਆ ਜਾ ਸਕੇ । ਇਸੇ ਤਰ੍ਹਾਂ ਸਾਹਿਲ ਸਿੰਘ ਵਾਸੀ ਨੇੜੇ ਹਰੀ ਕੇਵਲ ਹਸਪਤਾਲ ਜਾਖਲ ਰੋਡ ਸੁਨਾਮ ਦਾ ਮੋਟਰਸਾਈਕਲ ਗਰੈਂਡ ਵਿਕਟੋਰੀਆ ਹੋਟਲ ਸੁਨਾਮ ਦੇ ਬਾਹਰੋਂ ਕਿਸੇ ਨਾਮਾਲੂਮ ਵਿਅਕਤੀ ਨੇ ਚੋਰੀ ਕਰ ਲਿਆ ਸੀ ਜਿਸ ਦੇ ਚਲਦੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਦੱਸਿਆ ਕਿ ਇੰਸਪੈਕਟਰ ਪ੍ਰਤੀਕ ਜਿੰਦਲ ਥਾਣਾ ਮੁਖੀ ਸਿਟੀ ਸੁਨਾਮ ਅਤੇ ਸਹਾਇਕ ਥਾਣੇਦਾਰ ਮਿੱਠੂ ਰਾਮ ਇੰਚਾਰਜ਼ ਜੈਲ ਪੋਸਟ ਸਿਟੀ ਸੁਨਾਮ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਸੁਰਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿਫਤਾਰ ਕਰਕੇ ਮੁੱਦਈ ਸਾਹਿਲ ਸਿੰਘ ਦਾ ਚੋਰੀ ਕੀਤਾ ਉਕਤ ਮੋਟਰਸਾਈਕਲ ਬਰਾਮਦ ਕਰਵਾਇਆ ਅਤੇ ਦੋਸ਼ੀਆਂ ਪਾਸੋਂ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਹੋਰ ਤਿੰਨ ਮੋਟਰਸਾਈਕਲ ਬਰਾਮਦ ਕਰਵਾਏ ਗਏ ਅਤੇ ਧਾਰਾ ਵਿੱਚ ਵਾਧਾ ਕੀਤਾ ਗਿਆ ਫਿਰ ਵੀ ਇਹਨਾਂ ਪਾਸੋਂ ਹੋਰ ਵੀ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਵੱਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਬਾਰੇ ਵੀ ਪਤਾ ਲਗਾਇਆ ਜਾ ਸਕੇ ।