Thursday, November 21, 2024
BREAKING NEWS
ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀਚੰਡੀਗੜ੍ਹ 'ਚ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟਪੰਜਾਬ ‘ਚ 4 ਸਾਲ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਹੋਇਆ ਲਾਜ਼ਮੀਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾ ਦਾ ਲਾਇਸੈਂਸ ਰੱਦਈਡੀ ਨੇ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਕੀਤੀ ਜਬਤਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦ

Malwa

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

November 19, 2024 03:00 PM
SehajTimes

ਗ੍ਰਾਮ ਪੰਚਾਇਤਾਂ ਨੂੰ ਜਮਹੂਰੀ ਢਾਂਚੇ ਦੀ ਨੀਂਹ ਦੱਸਿਆ

ਪਿੰਡਾਂ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਕਰਨ ਦਾ ਸੱਦਾ

ਪੰਚਾਇਤਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ, ਕਾਰਜਕੁਸ਼ਲਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਗ੍ਰਾਮ ਸਭਾਵਾਂ ਦੇ ਇਜਲਾਸ ਸੱਦਣ ਦੀ ਵਕਾਲਤ

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਸੂਬੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰਨ ਲਈ ਪ੍ਰੇਰਕ ਵਜੋਂ ਕੰਮ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਸੂਬੇ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲੇਗਾ।

ਸੰਗਰੂਰ ਜ਼ਿਲ੍ਹੇ ਦੇ ਨਵੇਂ ਚੁਣੇ ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਉਣ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤਰਜੀਹੀ ਆਧਾਰ ਉਤੇ ਵੰਡਣਾ ਚਾਹੀਦਾ ਹੈ ਤਾਂ ਕਿ ਸੂਬਾ ਸਰਕਾਰ ਕੰਮ ਸ਼ੁਰੂ ਕਰਵਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਚਾਇਤਾਂ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਮਤੇ ਜ਼ਰੂਰ ਪਾਸ ਕਰਨ, ਜਿਸ ਲਈ ਸੂਬਾ ਸਰਕਾਰ ਹਰ ਹਰਬਾ ਵਰਤੇਗੀ। ਉਨ੍ਹਾਂ ਨਵੇਂ ਚੁਣੇ ਪੰਚਾਂ ਨੂੰ ਪਿੰਡ ਵਾਸੀਆਂ ਦੀ ਤਰੱਕੀ ਤੇ ਖ਼ੁਸ਼ਹਾਲੀ ਯਕੀਨੀ ਬਣਾਉਣ ਦੇ ਨਾਲ-ਨਾਲ ਆਪਣੇ ਪਿੰਡਾਂ ਨੂੰ ‘ਵਿਕਾਸ ਧੁਰੇ’ ਵਿੱਚ ਤਬਦੀਲ ਕਰਨ ਲਈ ਨਵੇਂ ਕਦਮ ਚੁੱਕਣ ਲਈ ਆਖਿਆ।

ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਜਮਹੂਰੀ ਢਾਂਚੇ ਦੀ ਨੀਂਹ ਹੁੰਦੀਆਂ ਹਨ ਅਤੇ ਨਵੇਂ ਚੁਣੇ ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਾ ਇਕ ਇਤਿਹਾਸਕ ਮੌਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਚਾਂ ਨੂੰ ਲੋਕਾਂ ਨੇ ਚੁਣਿਆ ਹੈ ਅਤੇ ਅੱਜ ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਅਜਿਹੇ ਸਮਾਰੋਹ ਹੋ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਭਰ ਦੇ 10031 ਨਵੇਂ ਚੁਣੇ ਸਰਪੰਚਾਂ ਨੂੰ ਲੁਧਿਆਣਾ ਵਿਖੇ 8 ਨਵੰਬਰ ਨੂੰ ਹੋਏ ਸਮਾਰੋਹ ਦੌਰਾਨ ਅਹੁਦੇ ਦੀ ਸਹੁੰ ਚੁਕਾਈ ਗਈ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਆਗੂ ਪ੍ਰਤੀ ਲੋਕਾਂ ਵਿੱਚ ਕਿੰਨਾ ਵਿਸ਼ਵਾਸ ਤੇ ਸੱਚਾਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ, ਜੋ ਲੋਕਾਂ ਵੱਲੋਂ ਇਨ੍ਹਾਂ ਆਗੂਆਂ ਉੱਤੇ ਪਾਈ ਜਾਂਦੀ ਹੈ ਕਿਉਂਕਿ ਇਹ ਲੋਕਾਂ ਦੀ ਬਹੁਤ ਵੱਡੀ ਸੇਵਾ ਹੈ। ਭਗਵੰਤ ਸਿੰਘ ਮਾਨ ਨੇ ਨਵੇਂ ਚੁਣੇ ਗਏ ਪੰਚਾਂ ਨੂੰ ਭਰੋਸਾ ਦਿੱਤਾ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੇਂਡੂ ਲਾਇਬ੍ਰੇਰੀਆਂ ਦੀ ਸਥਾਪਨਾ ਕਰ ਰਹੀ ਹੈ, ਜੋ ਕਿ ਸੂਬੇ ਦੇ ਵਿਕਾਸ ਅਤੇ ਖ਼ੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨਗੀਆਂ। ਇਸ ਮਿਸਾਲੀ ਪਹਿਲਕਦਮੀ ਦਾ ਮੰਤਵ ਸੂਬੇ ਦੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਅਜਿਹੀਆਂ ਹੋਰ ਲਾਇਬ੍ਰੇਰੀਆਂ ਸਥਾਪਤ ਕਰਨ ਲਈ ਮਤੇ ਪਾਸ ਕਰਨੇ ਚਾਹੀਦੇ ਹਨ ਕਿਉਂਕਿ ਇਹ ਕਦਮ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਉਣ ਵਿੱਚ ਸਹਾਈ ਸਿੱਧ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਾਇਬ੍ਰੇਰੀਆਂ ਨੌਜਵਾਨਾਂ ਦੀ ਕਿਸਮਤ ਬਦਲਣ ਵਿੱਚ ਸਹਾਈ ਹੋਣਗੀਆਂ ਅਤੇ ਨੌਕਰਸ਼ਾਹ, ਵਿਗਿਆਨੀ, ਡਾਕਟਰ, ਤਕਨੀਸ਼ੀਅਨ ਅਤੇ ਹੋਰ ਕਾਬਲ ਵਿਅਕਤੀ ਪੈਦਾ ਕਰਨਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਲਾਇਬ੍ਰੇਰੀਆਂ ਵਾਈ-ਫਾਈ, ਸੋਲਰ ਪਾਵਰ, ਡਿਜ਼ੀਟਲ ਐਨਾਲਾਗ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਨਾਲ ਲੈਸ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਸਮਕਾਲੀ ਸਾਹਿਤ ਅਤੇ ਪਾਠਕ੍ਰਮ ਬਾਰੇ ਵਿਸ਼ਵ ਪੱਧਰੀ ਪੁਸਤਕਾਂ ਹਨ, ਜੋ ਸਿੱਖਣ ਦਾ ਭਰਪੂਰ ਮੌਕਾ ਦਿੰਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਾਇਬ੍ਰੇਰੀਆਂ ਗਿਆਨ ਅਤੇ ਸਾਹਿਤ ਦਾ ਸੱਚਾ ਭੰਡਾਰ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਵੱਖ-ਵੱਖ ਵਿਸ਼ਿਆਂ ਉੱਤੇ ਕੀਮਤੀ ਪੁਸਤਕਾਂ ਮੌਜੂਦ ਹਨ, ਜੋ ਪੁਸਤਕ ਪ੍ਰੇਮੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿੱਚ ਬਹੁਮਤ ਹਾਸਲ ਕਰਨ ਵਾਲਾ ਵਿਅਕਤੀ ਜਾਂ ਪਾਰਟੀ ਜੇਤੂ ਹੁੰਦੀ ਹੈ ਪਰ ਇਕ ਵਾਰ ਚੁਣੀਆਂ ਗਈਆਂ ਪੰਚਾਇਤਾਂ ਪੂਰੇ ਪਿੰਡ ਦੀਆਂ ਸਾਂਝੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਚਾਂ ਨੂੰ ਪਿੰਡ ਦੇ ਹਰ ਵਸਨੀਕ ਨਾਲ ਬਰਾਬਰ ਵਿਹਾਰ ਕਰਨਾ ਚਾਹੀਦਾ ਹੈ ਅਤੇ ਨਿਰਪੱਖਤਾ ਨਾਲ ਫੈਸਲੇ ਲੈਣੇ ਚਾਹੀਦੇ ਹਨ ਅਤੇ ਪਿੰਡਾਂ ਵਿੱਚੋਂ ਧੜੇਬੰਦੀ ਖ਼ਤਮ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪਿੰਡਾਂ ਵਿੱਚ ਫੈਲੀ ਧੜੇਬੰਦੀ ਕਾਰਨ ਪਿੰਡਾਂ ਵਿੱਚ ਕਈ ਕੰਮ ਖ਼ਤਰੇ ਵਿੱਚ ਪੈ ਜਾਂਦੇ ਹਨ।

ਮੁੱਖ ਮੰਤਰੀ ਨੇ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਲਈ ਉਸਾਰੂ ਮੁਹਿੰਮ ਸ਼ੁਰੂ ਕਰ ਕੇ ਸੂਬੇ ਦੇ ਪਿੰਡਾਂ ਦੀ ਕਾਇਆ-ਕਲਪ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਕ ਪਾਸੇ ਸੂਬੇ ਦੇ ਮਾਹੌਲ ਨੂੰ ਸੁਧਾਰਨਾ ਅਤੇ ਦੂਜੇ ਪਾਸੇ ਪ੍ਰਦੂਸ਼ਣ ਨੂੰ ਰੋਕਣਾ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਪੰਚਾਂ ਨੂੰ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰੇਕ ਫ਼ੈਸਲੇ ਪੂਰੇ ਜਨਤਕ ਮਸ਼ਵਰੇ ਨਾਲ ਲੈਣ ਲਈ ਆਪੋ-ਆਪਣੇ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਦੇ ਇਜਲਾਸ ਸੱਦਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਸਬੰਧੀ ਫ਼ੈਸਲੇ ਗ੍ਰਾਮ ਸਭਾਵਾਂ ਵਿੱਚ ਲਏ ਜਾਣ ਤਾਂ ਜੋ ਫ਼ੰਡਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇ ਪੰਚਾਇਤਾਂ ਆਪਣਾ ਫ਼ਰਜ਼ ਬਾਖ਼ੂਬੀ ਨਿਭਾਉਣ ਤਾਂ ਉਹ ਆਮ ਆਦਮੀ ਅਤੇ ਆਪਣੇ ਪਿੰਡਾਂ ਦੀ ਨੁਹਾਰ ਬਦਲ ਸਕਦੀਆਂ ਹਨ।

ਮੁੱਖ ਮੰਤਰੀ ਨੇ ਪੰਚਾਇਤਾਂ ਨੂੰ ਜੋਸ਼ ਨਾਲ ਕੰਮ ਕਰਨ ਅਤੇ ਸਭ ਲਈ ਆਧੁਨਿਕ ਸਹੂਲਤਾਂ ਯਕੀਨੀ ਬਣਾ ਕੇ ਆਪਣੇ ਪਿੰਡਾਂ ਨੂੰ ਨਮੂਨੇ ਦਾ ਬਣਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਦੀ ਭਲਾਈ ਲਈ ਪੰਚਾਇਤਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਪੰਚਾਇਤਾਂ ਨੂੰ ਹਰ ਫ਼ੈਸਲਾ ਪਿੰਡ ਵਾਸੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡਾਂ ਦੇ ਸਰਬਪੱਖੀ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਮੁੱਖ ਮੰਤਰੀ ਨੇ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਵਾਲੇ ਪਿੰਡਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਪਿੰਡਾਂ ਨੇ ਇਕ ਪਾਸੇ ਤਾਂ ਪਿੰਡਾਂ ਵਿੱਚ ਸਦਭਾਵਨਾ ਅਤੇ ਆਪਸੀ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਧੜੇਬੰਦੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸੂਝਵਾਨ ਵੋਟਰਾਂ ਨੇ ਸਾਰੀਆਂ ਪੰਚਾਇਤਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸੂਬੇ ਦੇ ਵੋਟਰਾਂ ਦੇ ਰਿਣੀ ਹਨ, ਜਿਨ੍ਹਾਂ ਨੇ ਇਨ੍ਹਾਂ ਚੋਣਾਂ ਵਿੱਚ ਪੂਰੇ ਉਤਸ਼ਾਹ ਨਾਲ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਹਿੱਸਾ ਲਿਆ ਹੈ।

Have something to say? Post your comment

 

More in Malwa

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ

ਅਕਾਲ ਅਕੈਡਮੀ ਉੱਭਿਆਂ ਵਿਖੇ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਇਆ

ਧੁੰਦ ਕਾਰਨ ਟਰਾਲੇ ਤੇ ਮੋਟਰਸਾਈਕਲ ਦੀ ਟੱਕਰ

ਗੁਰਦੂਵਾਰਾ ਸਾਹਿਬ ਭੂਟਾਲ ਕਲਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ 

ਖਨੌਰੀ ਬਾਰਡਰ ਉੱਪਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ