ਕਾਰਪੋਰੇਟ ਘਰਾਣੇ ਪ੍ਰਚੂਨ ਖੇਤਰ ਵੀ ਖ਼ਤਮ ਕਰਨ ਲਈ ਕਾਹਲੇ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਕਰਜ਼ੇ ਦੀ ਵਸੂਲੀ ਬਦਲੇ ਕਿਸੇ ਵੀ ਕਿਸਾਨ , ਮਜ਼ਦੂਰ ਦੇ ਘਰ ਅਤੇ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਰੰਟ ਕਬਜ਼ਾ ਲੈਕੇ ਕਿਸੇ ਦੀ ਜਾਇਦਾਦ ਕੁਰਕ ਕਰਨ ਅਤੇ ਗ੍ਰਿਫਤਾਰੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਯੋਗ ਨਹੀਂ ਹੋਵੇਗੀ। ਜਾਇਦਾਦ ਕੁਰਕ ਕਰਨ ਵਾਲਿਆਂ ਦਾ ਜਥੇਬੰਦੀ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ, ਲੋੜ ਪਈ ਤਾਂ ਕਬਜਾ ਲੈਣ ਆਇਆ ਦਾ ਘਿਰਾਓ ਵੀ ਕੀਤਾ ਜਾਵੇਗਾ। ਬੁੱਧਵਾਰ ਨੂੰ ਸੁਨਾਮ ਵਿਖੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਨੇ ਕਿਸਾਨ ਮਜ਼ਦੂਰਾਂ ਨੂੰ ਕਰਜ਼ਾਈ ਬਣਾ ਦਿੱਤਾ ਹੈ। ਕਿਸਾਨ ਅਤੇ ਮਜ਼ਦੂਰ ਵਰਗ ਕਰਜ਼ਾ ਮੋੜਨ ਤੋਂ ਅਸਮਰੱਥ ਹਨ , ਇਨ੍ਹਾਂ ਨਾਲ ਕਿਸੇ ਵੀ ਕੀਮਤ ’ਤੇ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਸਰਕਾਰ ਦੀ ਖੇਤੀ ਨੀਤੀ ਦੇ ਖਰੜੇ ਦਾ ਬਾਰੀਕੀ ਨਾਲ ਅਧਿਐਨ ਕੀਤਾ ਹੈ ਅਤੇ ਜਥੇਬੰਦੀ ਨੇ ਸਰਕਾਰ ਅੱਗੇ ਕੁੱਝ ਹੋਰ ਸੁਝਾਅ ਵੀ ਰੱਖੇ ਹਨ, ਭਗਵੰਤ ਮਾਨ ਸਰਕਾਰ ਇਨ੍ਹਾਂ ਸੁਝਾਵਾਂ ਨੂੰ ਖੇਤੀ ਨੀਤੀ ਵਿੱਚ ਸ਼ਾਮਲ ਕਰਕੇ ਤੁਰੰਤ ਲਾਗੂ ਕੀਤਾ ਜਾਵੇ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖਰੀਦ ਤੋਂ ਪਿੱਛੇ ਹਟਣਾ ਅਤੇ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਨਾ ਕਰਨਾ ਇੱਕ ਸਾਜ਼ਿਸ਼ ਹੈ। ਇਸ ਸਾਜ਼ਿਸ਼ ਦਾ ਅਸਰ ਸਿਰਫ਼ ਖੇਤੀ ਜਾਂ ਕਿਸਾਨਾਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਅਸਰ ਛੋਟੇ ਉਦਯੋਗਾਂ, ਕਾਰੋਬਾਰੀਆਂ ਅਤੇ ਛੋਟੇ ਦੁਕਾਨਦਾਰਾਂ 'ਤੇ ਪਵੇਗਾ। ਇਸ ਲਈ ਸਾਰੇ ਵਰਗਾਂ ਨੂੰ ਅੱਗੇ ਆ ਕੇ ਇਸ ਵਿਰੁੱਧ ਸੰਘਰਸ਼ ਕਰਨਾ ਪਵੇਗਾ। ਖੇਤੀਬਾੜੀ ਤੋਂ ਇਲਾਵਾ, ਕਾਰਪੋਰੇਟ ਦੀ ਨਜ਼ਰ ਪ੍ਰਚੂਨ ਖੇਤਰ 'ਤੇ ਹੈ। ਲੱਖਾਂ ਦੁਕਾਨਦਾਰਾਂ ਨੂੰ ਬੇਰੋਜ਼ਗਾਰ ਕੀਤਾ ਜਾਵੇਗਾ। ਅਜਿਹੀ ਸਥਿਤੀ ਦੇਸ਼ ਲਈ ਮੰਦਭਾਗੀ ਹੋਵੇਗੀ। ਉਨ੍ਹਾਂ ਦੀ ਜਥੇਬੰਦੀ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਆਮ ਲੋਕਾਂ ਦੇ ਹਿੱਤਾਂ ਲਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਖੇਤੀ ਤੋਂ ਇਲਾਵਾ ਪ੍ਰਚੂਨ ਖੇਤਰ ਨੂੰ ਵੀ ਕਾਰਪੋਰੇਟ ਘਰਾਣੇ ਖਤਮ ਕਰਨ ਦੇ ਰਾਹ ਤੁਰ ਪਏ ਹਨ।