ਡੀ.ਏ.ਪੀ.ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਵਰਤਣ ਕਿਸਾਨ: ਮੁੱਖ ਖੇਤੀਬਾੜੀ ਅਫ਼ਸਰ
ਫ਼ਤਹਿਗੜ੍ਹ ਸਾਹਿਬ : ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਕਮਲਜੀਤ ਸਿੰਘ ਪਿਛਲੇ ਕਰੀਬ 14 ਸਾਲ ਤੋਂ ਜਿੱਥੇ ਪਰਾਲੀ ਨਾ ਫੂਕ ਕੇ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾ ਰਹੇ ਹਨ, ਉਥੇ ਉਨ੍ਹਾਂ ਨੇ ਇਸ ਵਾਰ ਕਣਕ ਦੀ ਬਿਜਾਈ ਲਈ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ (ਐਸ.ਐਸ.ਪੀ.) ਦੀ ਵਰਤੋਂ ਕੀਤੀ ਹੈ। ਐਸ.ਐਸ.ਪੀ. ਦੀ ਵਰਤੋਂ ਉਹ ਪਹਿਲਾਂ ਵੀ ਕਰਦੇ ਰਹਿੰਦੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਨਾਲ ਵੀ ਕਣਕ ਦੀ ਫ਼ਸਲ ਵਧੀਆ ਹੁੰਦੀ ਹੈ ਤੇ ਝਾੜ ਵਿੱਚ ਕੋਈ ਕਮੀ ਨਹੀਂ ਆਉਂਦੀ।
ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਝੋਨੇ ਦੀ 126 ਕਿਸਮ ਲਾਈ ਸੀ ਤੇ ਉਨ੍ਹਾਂ ਨੇ ਝੋਨੇ ਦੀ ਪਰਾਲੀ ਫੂਕੇ ਬਿਨਾਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ। ਅਜਿਹਾ ਉਹ ਪਿਛਲੇ ਕਈ ਸਾਲ ਤੋਂ ਕਰਦੇ ਆ ਰਹੇ ਹਨ। ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਤੇ ਖਾਦਾਂ ਤੇ ਹੋਰ ਦਵਾਈਆਂ ਦੀ ਵਰਤੋਂ ਵੀ ਘੱਟ ਕਰਨੀ ਪੈਂਦੀ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਝਿਜਕ ਤੋਂ ਡੀ.ਏ.ਪੀ. ਦੀ ਥਾਂ ਖੇਤੀ ਮਾਹਰਾਂ ਦੀ ਸਲਾਹ ਮੁਤਾਬਕ ਸਿੰਗਲ ਸੁਪਰ ਫਾਸਫੇਟ (ਐਸ.ਐਸ.ਪੀ.) ਦੀ ਵਰਤੋਂ ਕਰਨ। ਇਸ ਦੇ ਸਾਰਥਕ ਸਿੱਟੇ ਨਿਕਲਦੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਫੂਕਣ ਦੀ ਥਾਂ ਖੇਤਾਂ ਵਿੱਚ ਰਲਾਉਣ ਦੀ ਹੀ ਅਪੀਲ ਕੀਤੀ।
ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫ਼ਸਰ, ਫ਼ਤਹਿਗੜ੍ਹ ਸਾਹਿਬ, ਸ. ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਕਣਕ ਦੀ ਫ਼ਸਲ ਲਈ ਡੀ.ਏ.ਪੀ. ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦਾ ਸੁਝਾਅ ਦਿੱਤਾ ਹੈ। ਮੌਜੂਦਾ ਸਮੇਂ ਡੀ.ਏ.ਪੀ. ਖਾਦ ਦੇ ਕਈ ਬਦਲ ਹਨ, ਜਿਨ੍ਹਾਂ ਨੂੰ ਫਾਸਫੋਰਸ ਤੱਤ ਦੇ ਬਦਲਵੇਂ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਡੀ.ਏ.ਪੀ. ਵਿਚ 46 ਫ਼ੀਸਦੀ ਫਾਸਫੋਰਸ ਅਤੇ 18 ਫ਼ੀਸਦੀ ਨਾਈਟ੍ਰੋਜਨ ਹੁੰਦੀ ਹੈ। ਇਕ ਹੋਰ ਖਾਦ ਐਨ.ਪੀ.ਕੇ. (12:32:16) ਵਿੱਚ 32 ਫ਼ੀਸਦੀ ਫਾਸਫੋਰਸ ਅਤੇ 12 ਫ਼ੀਸਦੀ ਨਾਈਟ੍ਰੋਜਨ ਦੇ ਨਾਲ ਨਾਲ 16 ਫ਼ੀਸਦੀ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਕ ਬੋਰਾ ਡੀ.ਏ.ਪੀ. ਪਿੱਛੇ ਡੇਢ ਬੋਰਾ ਐਨ.ਪੀ.ਕੇ. (12:32:16) ਦੀ ਵਰਤੋਂ ਕੀਤੀ ਜਾ ਸਕਦੀ ਹੈ। ਡੀ.ਏ.ਪੀ. ਦੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਸਿੰਗਲ ਸੁਪਰਫਾਸਫੇਟ ਵਿਚ 16 ਫ਼ੀਸਦੀ ਫਾਸਫੋਰਸ ਤੱਤ ਮਿਲਦਾ ਹੈ ਅਤੇ ਇਸ ਦੀਆਂ ਤਿੰਨ ਬੋਰਿਆਂ ਨਾਲ ਫਾਸਫੋਰਸ ਤੱਤ ਦੀ ਪੂਰਤੀ ਤੋਂ ਬਿਨਾਂ 18 ਕਿੱਲੋ ਗੰਧਕ ਵੀ ਕਣਕ ਦੀ ਫ਼ਸਲ ਨੂੰ ਮਿਲ ਸਕਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਟ੍ਰਿਪਲ ਸੁਪਰ ਫਾਸਫੇਟ ਨੂੰ ਨਵੀਂ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਇਸ ਵਿਚ ਡੀ.ਏ.ਪੀ. ਦੇ ਬਰਾਬਰ 46 ਫ਼ੀਸਦੀ ਫਾਸਫੋਰਸ ਤੱਤ ਦੀ ਮਾਤਰਾ ਮਿਲਦੀ ਹੈ।
ਹੋਰ ਬਦਲਾਂ ਵਿਚ ਐਨ.ਪੀ.ਕੇ. (10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਤੱਤ ਲਈ ਸਿੰਗਲ ਸੁਪਰ ਫਾਸਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪੈਂਦਾ ਹੈ। ਘੱਟ ਜੈਵਿਕ ਕਾਰਬਨ ਵਾਲੀ ਮਿੱਟੀ ਵਿਚ ਉੱਚ ਫਾਸਫੋਰਸ ਪੱਧਰ (9-20 ਕਿੱਲੋਗ੍ਰਾਮ/ਏਕੜ) ਵਾਲੀ ਜ਼ਮੀਨ ਲਈ ਫਾਸਫੋਰਸ ਤੱਤ ਦੀ ਵਰਤੋਂ 25 ਫ਼ੀਸਦੀ ਤੱਕ ਘਟਾਈ ਜਾ ਸਕਦੀ ਹੈ। ਦਰਮਿਆਨੀ ਜੈਵਿਕ ਕਾਰਬਨ ਮਾਤਰਾ (0.4 ਤੋਂ 0.75 ਫ਼ੀਸਦੀ)
ਵਾਲੀ ਜ਼ਮੀਨ ਵਿਚ ਦਰਮਿਆਨੀ ਫਾਸਫੋਰਸ (5-9 ਕਿੱਲੋਗ੍ਰਾਮ/ਏਕੜ) ਅਤੇ ਉੱਚ ਫਾਸਫੋਰਸ (9-20 ਕਿੱਲੋਗ੍ਰਾਮ/ਏਕੜ) ਵਾਲੀ ਜ਼ਮੀਨ ਲਈ ਫਾਸਫੋਰਸ ਤੱਤ ਦੀ ਵਰਤੋਂ ਵਿੱਚ 50 ਫ਼ੀਸਦੀ ਕਟੌਤੀ ਕੀਤੀ ਜਾ ਸਕਦੀ ਹੈ।
ਜੇਕਰ ਝੋਨਾ-ਕਣਕ ਫ਼ਸਲੀ ਚੱਕਰ ਵਿਚ ਝੋਨੇ ਦੀ ਫ਼ਸਲ ਵਿੱਚ ਪੋਲਟਰੀ ਖਾਦ (2.5 ਟਨ /ਏਕੜ) ਜਾਂ ਸੁੱਕੀ ਹੋਈ ਗੋਬਰ ਗੈਸ ਪਲਾਂਟ ਦੀ ਸਲਰੀ (2.5 ਟਨ /ਏਕੜ) ਨੂੰ ਆਖ਼ਰੀ ਵਾਹੀ ਤੋਂ ਪਹਿਲਾਂ ਪਾਇਆ ਜਾਂਦਾ ਹੈ ਤਾਂ ਫਾਸਫੋਰਸ ਦੀ ਵਰਤੋਂ ਨੂੰ ਅੱਧਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਖਾਦ ਦੀ ਮਾਤਰਾ (1 ਕਿੱਲੋ ਫਾਸਫੋਰਸ ਪ੍ਰਤੀ ਟਨ) ਚੰਗੀ ਤਰ੍ਹਾਂ ਸੜੀ ਹੋਈ ਖਾਦ ਨਾਲ ਘਟਾਈ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਲਗਾਤਾਰ ਵਾਹੁਣ ਤੋਂ ਬਾਅਦ ਮਿੱਟੀ ਦੀ ਜੈਵਿਕ ਕਾਰਬਨ ਮਾਤਰਾ ਉੱਚ ਸ਼੍ਰੇਣੀ ਵਿਚ ਆਉਂਦੀ ਹੈ, ਉਹਨਾਂ ਵਿੱਚ ਫਾਸਫੋਰਸ ਵਾਲੀ ਖਾਦ ਨੂੰ 50 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ।