ਅੱਜ ਕੱਲ੍ਹ ਧਰਤੀ ਹੇਠਲੇ ਪਾਣੀ ਦੀ ਕਮੀ ਦੇ ਮੁੱਦੇ ਨੇ ਸਮਾਜਿਕ ਜਾਗਰੂਕਤਾ ਨੂੰ ਜਨਮ ਦਿੱਤਾ ਹੈ। ਖਾਸ ਤੌਰ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਬੁੱਧੀਜੀਵੀ ਅਤੇ ਖੇਤੀਬਾੜੀ ਵਿਗਿਆਨੀ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹਨ ਕਿ ਜੇਕਰ ਝੋਨੇ ਦੀ ਪੈਦਾਵਾਰ ਇੰਨੀ ਵੱਡੀ ਮਾਤਰਾ ਵਿੱਚ ਕੀਤੀ ਜਾਵੇਗੀ ਤਾਂ ਧਰਤੀ ਹੇਠ ਪਾਣੀ ਆਉਣ ਵਾਲੇ 20 ਤੋਂ 25 ਸਾਲਾਂ ਵਿੱਚ ਮੁੱਕ ਜਾਵੇਗਾ। ਇਹ ਹਾਲਾਤ ਸਿਰਫ਼ ਖੇਤੀਬਾੜੀ ਲਈ ਹੀ ਨਹੀਂ, ਸਗੋਂ ਸਾਰੇ ਸਮਾਜ ਲਈ ਖਤਰਾ ਬਣ ਸਕਦੇ ਹਨ। ਝੋਨੇ ਦੀ ਪੈਦਾਵਾਰ ਵਿੱਚ ਪਾਣੀ ਦੀ ਖਪਤ ਬੇਹਦ ਜ਼ਿਆਦਾ ਹੈ ਅਤੇ ਹਰ 1 ਕਿਲੋ ਚੌਲ ਪੈਦਾ ਕਰਨ ਲਈ ਲਗਭਗ 3000 ਤੋਂ 5000 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਜੇਕਰ ਇਸ ਨੂੰ ਇੱਕ ਕਿੱਲੇ ਤੇ ਲਾਗੂ ਕੀਤਾ ਜਾਵੇ, ਤਾਂ ਤੁਸੀਂ ਸੋਚ ਸਕਦੇ ਹੋ ਕਿ ਪਾਣੀ ਦੀ ਖਪਤ ਕਿੰਨੀ ਜ਼ਿਆਦਾ ਹੈ। ਖੇਤੀਬਾੜੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਪਾਣੀ ਬਚਾਉਣ ਲਈ ਝੋਨੇ ਤੋਂ ਹਟ ਕੇ ਕਿਸੇ ਹੋਰ ਫਸਲ ਦੀ ਪੈਦਾਵਾਰ ਸ਼ੁਰੂ ਨਹੀਂ ਕਰਦੇ, ਤਾਂ ਧਰਤੀ ਹੇਠ ਪਾਣੀ ਦੇ ਸਾਧਨ ਲਗਾਤਾਰ ਘਟਦੇ ਰਹਿਣਗੇ। ਇਸ ਸਬੰਧੀ ਵੱਖ-ਵੱਖ ਲਿਖਤਾਂ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ, ਕਈ ਲੋਕ ਇਹ ਤਰਕ ਦਿੰਦੇ ਹਨ ਕਿ ਝੋਨਾ ਪੰਜਾਬ ਦੀਆਂ ਮੁੱਖ ਫਸਲਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਬਿਨਾ ਪੰਜਾਬੀ ਖੇਤੀਬਾੜੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਹਨਾਂ ਤਰਕਾਂ ਵਿੱਚ ਇੱਕ ਅਹਮ ਸਵਾਲ ਇਹ ਵੀ ਉਠਦਾ ਹੈ ਕਿ ਜੇ ਝੋਨਾ ਨਾ ਬੀਜਿਆ ਜਾਵੇ ਤਾਂ ਉਸਦੀ ਜਗ੍ਹਾ ਕੀ ਬੀਜਿਆ ਜਾਵੇ ?
ਇਸ ਸਵਾਲ ਦਾ ਜਵਾਬ ਦੇਣ ਲਈ, ਇਹ ਜ਼ਰੂਰੀ ਹੈ ਕਿ ਅਸੀਂ ਪਾਣੀ ਦੇ ਸੰਕਟ ਨੂੰ ਗੰਭੀਰਤਾ ਨਾਲ ਸਮਝੀਏ। ਅਗਰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਦਲਵੇਂ ਪ੍ਰਬੰਧਾਂ ਨਾਲ ਪਾਣੀ ਦੀ ਬਚਤ ਕਰਨ ਵਿੱਚ ਸਹਿਯੋਗੀ ਬਣਾਈਏ, ਤਾਂ ਅਸੀਂ ਆਪਣੇ ਸੂਬੇ ਨੂੰ ਪਾਣੀ ਦੀ ਮਾਰ ਤੋਂ ਬਚਾ ਸਕਦੇ ਹਾਂ। ਬਹੁਤ ਸਾਰੇ ਮੂਰਖ ਬੁੱਧੀਜੀਵੀ ਜਿਹੜੇ ਇਹ ਸਵਾਲ ਪੁਛਦੇ ਹਨ ਕਿ ਝੋਨੇ ਦੀ ਜਗ੍ਹਾ ਕੀ ਬੀਜਿਆ ਜਾਵੇ, ਤਾਂ ਉਹਨਾਂ ਲਈ ਇਹ ਜਵਾਬ ਹੈ ਕਿ ਧਰਤੀ ਹੇਠ ਪਾਣੀ ਮੁੱਕਣ ਤੋਂ ਬਾਅਦ ਜਿਹੜੀ ਫਸਲ ਨੂੰ ਬਦਲਵੇਂ ਪ੍ਰਬੰਧ ਵਜੋਂ ਬੀਜੋਗੇ , ਉਹੀ ਫਸਲ ਨੂੰ ਹੁਣ ਤੋਂ ਬੀਜਿਆ ਜਾਵੇ ਤਾਂ ਜੋ ਪਾਣੀ ਦੀ ਬਚਤ ਕੀਤੀ ਜਾ ਸਕੇ। ਇਹ ਹਾਸੋਹੀਣੀ ਗੱਲ ਨਹੀਂ, ਬਲਕਿ ਪਾਣੀ ਦੇ ਖਤਮੇ ਦੇ ਸੰਕਟ ਨਾਲ ਜੁੜੀ ਸੱਚਾਈ ਹੈ। ਜਦੋਂ ਧਰਤੀ ਹੇਠ ਪਾਣੀ ਖਤਮ ਹੋ ਜਾਵੇਗਾ, ਤਦੋਂ ਸਮਾਜ ਵਿਚ ਹੋਰ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਪਰ ਉਦੋਂ ਤੱਕ ਕਈ ਮੁਸ਼ਕਲਾਂ ਨੇ ਜਨਮ ਲੈ ਲੈਣਾ ਹੈ। ਇਸ ਲਈ, ਜੇ ਅਸੀਂ ਅੱਜ ਹੀ ਝੋਨੇ ਦੀ ਜਗ੍ਹਾ ਅਜਿਹੀਆਂ ਫਸਲਾਂ ਦੀ ਪੈਦਾਵਾਰ ਨੂੰ ਸ਼ੁਰੂ ਕਰੀਏ ਜੋ ਘੱਟ ਪਾਣੀ ਦੀ ਖਪਤ ਨਾਲ ਵਧੀਆ ਫਲ ਦੇ ਸਕਣ, ਤਾਂ ਹੀ ਅਸੀਂ ਪੰਜਾਬ ਅਤੇ ਆਪਣੀ ਪੀੜ੍ਹੀਆਂ ਨੂੰ ਪਾਣੀ ਦੇ ਸੰਕਟ ਤੋਂ ਬਚਾ ਸਕਦੇ ਹਾਂ।
ਪੰਜਾਬ ਵਿੱਚ ਕਈ ਬਦਲਵੇਂ ਪ੍ਰਬੰਧ ਵਾਲੀਆਂ ਫਸਲਾਂ ਹਨ ਜੋ ਘੱਟ ਪਾਣੀ ਦੀ ਲੋੜ ਰੱਖਦੀਆਂ ਹਨ, ਜਿਵੇਂ ਕਿ ਮੱਕੀ, ਸੂਰਜਮੁਖੀ, ਸੋਯਾ, ਬਾਜਰਾ, ਅਤੇ ਦਾਲਾਂ ਆਦਿ । ਇਹਨਾਂ ਫਸਲਾਂ ਦੀ ਖੇਤੀ ਪਾਣੀ ਦੀ ਬਚਤ ਵਿੱਚ ਵੀ ਮਦਦ ਕਰ ਸਕਦੀ ਹੈ ਅਤੇ ਖੇਤੀਬਾੜੀ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੀ ਹੈ। ਮੱਕੀ ਨੂੰ ਝੋਨੇ ਦੇ ਸੰਭਾਵੀ ਬਦਲ ਵਜੋਂ ਮੰਨਿਆ ਜਾ ਸਕਦਾ ਹੈ। ਇਸਦੀ ਖੇਤੀ ਵਿੱਚ ਝੋਨੇ ਦੇ ਮੁਕਾਬਲੇ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਇਹ ਪੌਸ਼ਟੀਕ ਅੰਸ਼ਾਂ ਵਿੱਚ ਵੀ ਵਧੀਆ ਹੈ। ਪਿਛਲੇ ਕੁਝ ਸਾਲਾਂ ਵਿੱਚ ਮੱਕੀ ਦੀ ਮੰਗ ਵੀ ਵਧੀ ਹੈ ਅਤੇ ਇਹ ਆਰਥਿਕ ਪੱਖੋਂ ਵੀ ਕਿਸਾਨਾਂ ਲਈ ਫਾਇਦੇਮੰਦ ਹੈ। ਮੱਕੀ, ਭਲਕੇ ਮੱਧ-ਮੌਸਮੀ ਜਾਂ ਰਬੀ ਮੌਸਮ ਵਿੱਚ ਵੀ ਬੀਜੀ ਜਾ ਸਕਦੀ ਹੈ, ਜਿਸ ਨਾਲ ਮੌਸਮ ਅਨੁਕੂਲ ਵੀ ਹੋ ਜਾਂਦਾ ਹੈ। ਸੂਰਜਮੁਖੀ ਦੀ ਫਸਲ ਵੀ ਪਾਣੀ ਦੀ ਘੱਟ ਖਪਤ ਕਰਦੀ ਹੈ ਅਤੇ ਇਸਦੇ ਬੀਜਾਂ ਤੋਂ ਤੇਲ ਪ੍ਰਾਪਤ ਹੁੰਦਾ ਹੈ ਜੋ ਵਪਾਰਕ ਮੂਲਾਂਕਣ ਵਿੱਚ ਵੀ ਮਹੱਤਵਪੂਰਨ ਹੈ। ਇਸ ਫਸਲ ਦੀ ਖੇਤੀ ਮਿੱਟੀ ਨੂੰ ਸਾਫ਼ ਰੱਖਣ ਵਿੱਚ ਸਹਾਇਕ ਹੈ ਕਿਉਂਕਿ ਇਹ ਖਾਦ ਤੋਂ ਬਿਨਾਂ ਵੀ ਵਧੀਆ ਪੈਦਾਵਾਰ ਦੇ ਸਕਦੀ ਹੈ। ਇਸ ਨਾਲ ਸੂਰਜਮੁਖੀ ਨੂੰ ਝੋਨੇ ਦੇ ਬਦਲ ਵਜੋਂ ਬੀਜਣਾ ਧਰਤੀ ਦੇ ਸੇਹਤਮੰਦ ਹਾਲਾਤ ਨੂੰ ਮਜ਼ਬੂਤ ਕਰਦਾ ਹੈ। ਪਾਲਸ ਦਾਲਾਂ ਦੀ ਫਸਲਾਂ ਵਾਧੂ ਪ੍ਰੋਟੀਨ ਦੇ ਸਹੀ ਸਰੋਤ ਹਨ ਅਤੇ ਇਹ ਖੇਤਾਂ ਵਿੱਚ ਨਾਈਟ੍ਰੋਜਨ ਤੱਤ ਨੂੰ ਵਧਾਉਂਦੀਆਂ ਹਨ, ਜਿਸ ਨਾਲ ਇਹ ਮਿੱਟੀ ਦੇ ਸਿਹਤਮੰਦ ਰਹਿਣ ਵਿੱਚ ਯੋਗਦਾਨ ਪਾਉਂਦੀਆਂ ਹਨ। ਕਾਲੇ ਛੋਲੇ, ਸੋਇਆ ਬੀਨ, ਮੂੰਗੀ, ਰਾਜਮਾ ਆਦਿ ਨੂੰ ਅਸਾਨੀ ਨਾਲ ਬੀਜਿਆ ਜਾ ਸਕਦਾ ਹੈ ਅਤੇ ਇਹਨਾਂ ਲਈ ਵੱਧ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਨਾਲ ਬਿਨਾਂ ਧਰਤੀ 'ਤੇ ਬਹੁਤ ਜ਼ਿਆਦਾ ਬੋਝ ਪਾਏ, ਸਿਹਤਮੰਦ ਖਾਣ-ਪੀਣ ਦਾ ਵਿਕਲਪ ਪ੍ਰਾਪਤ ਹੋ ਜਾਂਦਾ ਹੈ। ਬਾਜਰਾ ਅਤੇ ਜੋਅ ਵੀ ਝੋਨੇ ਦੇ ਮੋਕਾਬਲੇ ਘੱਟ ਪਾਣੀ ਦੀ ਲੋੜ ਵਾਲੀਆਂ ਫਸਲਾਂ ਹਨ। ਇਹਨੀਆਂ ਨੂੰ ਬੀਜਣ ਨਾਲ ਧਰਤੀ ਹੇਠਲੇ ਪਾਣੀ ਦੇ ਸ੍ਰੋਤਾਂ ਨੂੰ ਬਚਾਇਆ ਜਾ ਸਕਦਾ ਹੈ। ਇਹਨਾਂ ਫਸਲਾਂ ਵਿੱਚ ਪੋਸ਼ਟਿਕ ਤੱਤ ਵੀ ਬਹੁਤ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਹਨਾਂ ਫਸਲਾਂ ਦੀ ਪੈਦਾਵਾਰ ਲਈ ਝੋਨੇ ਨਾਲੋਂ ਕਈ ਗੁਣਾਂ ਘੱਟ ਪਾਣੀ ਦੀ ਲੋੜ ਪੈਂਦੀ ਹੈ ਅਤੇ ਇਸ ਨਾਲ ਵਧੀਆ ਮਾਲੀ ਲਾਭ ਵੀ ਪ੍ਰਾਪਤ ਹੋ ਸਕਦਾ ਹੈ। ਇਸ ਲਈ, ਅਸੀਂ ਇਹਨਾਂ ਬਦਲਵੇਂ ਫਸਲਾਂ ਦੀ ਖੇਤੀਬਾੜੀ ਦੀ ਸ਼ੁਰੂਆਤ ਕਰ ਸਕਦੇ ਹਾਂ।
ਸਾਡੇ ਲਈ ਇਹ ਸਮਾਂ ਹੈ ਕਿ ਅਸੀਂ ਆਪਣੇ ਖੇਤੀਬਾੜੀ ਦੇ ਤਰੀਕਿਆਂ ਵਿੱਚ ਤਬਦੀਲੀ ਲਿਆਈਏ ਅਤੇ ਇਸ ਬਦਲਾਅ ਨੂੰ ਸਵਿਕਾਰ ਕਰੀਏ, ਜੋ ਕਿ ਪਾਣੀ ਦੀ ਸੰਭਾਲ ਵਿਚ ਸਹਾਇਕ ਹੋਵੇ। ਜੇ ਅਸੀਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੇ ਬਦਲਵੇਂ ਤਰੀਕੇ ਅਪਣਾ ਲੈਂਦੇ ਹਾਂ ਅਤੇ ਘੱਟ ਪਾਣੀ ਦੀ ਲੋੜ ਵਾਲੀਆਂ ਫਸਲਾਂ ਨੂੰ ਅਪਣਾਉਂਦੇ ਹਾਂ ਤਾਂ ਇਸ ਨਾਲ ਸਾਡੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਨੂੰ ਸੰਭਾਲਿਆ ਜਾ ਸਕਦਾ ਹੈ। ਇਸ ਲਈ ਧਰਤੀ ਹੇਠਲੇ ਪਾਣੀ ਨੂੰ ਸੰਭਾਲਣ ਲਈ ਸਾਨੂੰ ਝੋਨੇ ਤੋਂ ਹਟ ਕੇ ਅਜਿਹੀਆਂ ਫਸਲਾਂ ਦੀ ਚੋਣ ਕਰਨੀ ਪੈਂਣੀ ਹੈ ਜੋ ਪਾਣੀ ਦੀ ਘੱਟ ਖਪਤ ਨਾਲ ਭਰਪੂਰ ਖੁਰਾਕ ਅਤੇ ਆਰਥਿਕ ਲਾਭ ਪ੍ਰਦਾਨ ਕਰ ਸਕਦੀਆਂ ਹਨ। ਇਹ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਖੇਤੀਬਾੜੀ ਦੇ ਤਰੀਕਿਆਂ ਵਿੱਚ ਬਦਲਾਅ ਕਰੀਏ ਅਤੇ ਧਰਤੀ ਦੇ ਵਾਤਾਵਰਣ ਅਤੇ ਉਸ ਦੀਆਂ ਸੌਗਾਤਾਂ ਨੂੰ ਸੰਭਾਲਣ ਲਈ ਯੋਗਦਾਨ ਪਾਈਏ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਆਪਣੀ ਆਉਣ ਵਾਲੀ ਪੀੜੀ ਦੇ ਚੰਗੇ ਭਵਿੱਖ ਦਾ ਨਿਰਮਾਣ ਕਰ ਸਕੀਏ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ