ਸੁਨਾਮ : ਰੋਟਰੀ ਕਲੱਬ ਸੁਨਾਮ ਵੱਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ " ਕਲਮਾਂ ਦੇ ਵਾਰਿਸ" ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਸਹਿਯੋਗ ਦੇ ਨਾਲ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ, ਸੈਕਟਰੀ ਹਨੀਸ਼ ਸਿੰਗਲਾ ਤੇ ਖਜਾਨਚੀ ਰਾਜਨ ਸਿੰਗਲਾ ਦੀ ਅਗਵਾਈ ਵਿੱਚ ਕਾਲਜ ਦੇ ਆਡੀਟੋਰੀਅਮ ਦੇ ਵਿੱਚ ਆਯੋਜਿਤ ਕੀਤਾ ਗਿਆ ।ਜਿਸ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਸਿਰਮੌਰ ਸਖਸ਼ੀਅਤਾਂ ਉਚੇਚੇ ਤੌਰ ਤੇ ਪੁੱਜੀਆਂ। ਨਾਮਵਰ ਲੇਖਕ ਤੇ ਕਾਲਮ ਨਵੀਸ 69 ਕਿਤਾਬਾਂ ਦੇ ਰਚੇਤਾ ਨਿੰਦਰ ਘੁਗਿਆਣਵੀ ਮੁੱਖ ਮਹਿਮਾਨ ਵਜੋੰ ਸ਼ਾਮਲ ਹੋਏ ਜਦਕਿ ਡਾਕਟਰ ਹਰਨੇਕ ਸਿੰਘ ਢੋਟ (ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ),ਮੁਹੰਮਦ ਰਫ਼ੀ (ਪ੍ਰਸਿੱਧ ਰੇਡਿੳ ਟੀਵੀ ਐਂਕਰ )ਤੇ ਪ੍ਰਸਿੱਧ ਪੰਜਾਬੀ ਸ਼ਾਇਰ ਜਸਵਿੰਦਰ ਚਾਹਲ ਵਿਸ਼ੇਸ਼ ਮਹਿਮਾਨਾ ਤੇ ਕੁੰਜੀਵਤ ਬੁਲਾਰਿਆਂ ਵਜੋ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਡਾਕਟਰ ਸੁਖਵਿੰਦਰ ਸਿੰਘ ਪ੍ਰਿੰਸੀਪਲ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਤੇ ਘਨਸ਼ਿਆਮ ਕਾਂਸਲ ਰੋਟਰੀ ਗਵਰਨਰ 2023-24 ਨੇ ਕੀਤੀ। ਸਮਾਗਮ ਦੀ ਸ਼ੁਰੁਆਤ ਰਾਸ਼ਟਰੀ ਗਾਣ ਦੇ ਨਾਲ ਹੋਈ ਉਪਰੰਤ ਡਾ ਸੁਖਵਿੰਦਰ ਸਿੰਘ ਨੇ ਸਵਾਗਤੀ ਭਾਸ਼ਣ ਦਿਤਾ ਤੇ ਰੋਟਰੀ ਕਲੱਬ ਦੇ ਪ੍ਰਧਾਨ ਦਵਿੰਦਰ ਪਾਲ ਸਿੰਘ ਰਿੰਪੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ , ਘਨਸ਼ਿਆਮ ਕਾਂਸਲ ਨੇ ਸਵਾਗਤੀ ਸ਼ਬਦ ਕਹੇ। ਇਸ ਮੌਕੇ ਸ਼ਮਾ ਰੋਸ਼ਨ ਕਰਕੇ ਇਸ ਸਮਾਗਮ ਦੀ ਰਸਮੀ ਤੌਰ ਤੇ ਸ਼ੁਰੁਆਤ ਕੀਤੀ ਗਈ । ਡਾਃ ਹਰਨੇਕ ਸਿੰਘ ਢੋਟ ਨੇ "ਪੰਜਾਬੀ ਭਾਸ਼ਾ ਦੀ ਇਤਹਾਸਕਤਾ" ਦੇ ਬਾਰੇ ਜਾਣੂੰ ਕਰਵਾਇਆ ਤੇ ਦੱਸਿਆ ਕਿ ਪੰਜਾਬੀ ਭਾਸ਼ਾ ਦਾ ਘੇਰਾ ਕਿੰਨਾ ਵਿਸ਼ਾਲ ਹੈ। ਮੁਹੰਮਦ ਰਫ਼ੀ ਨੇ "ਅੱਜ ਦੀ ਪੀੜੀ ਕਿੱਧਰ ਨੂੰ" ਕਾਲਜ ਦੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿੱਚ ਜਿੰਦਗੀ ਜਿਉਣ ਦੇ ਤਜ਼ਰਬੇ ਦੱਸੇ ਤੇ ਵੱਖ ਵੱਖ ਭਾਸ਼ਾ ਵਿੱਚ ਸੰਬੋਧਨ ਕਰਨ ਦੇ ਆਪਣਾ ਹੁਨਰ ਵੀ ਪੇਸ਼ ਕੀਤਾ। ਸ਼ਾਇਰ ਜਸਵਿੰਦਰ ਚਾਹਲ ਨੇ ਆਪਣੀ ਸ਼ਾਇਰੀ ਨਾਲ ਚੰਗਾ ਸਮਾਂ ਬੰਨਿਆ ਤੇ ਵੱਖ ਵੱਖ ਵਿਸ਼ਿਆਂ ਤੇ ਜਿੱਥੇ ਕਵਿਤਾਵਾਂ ,ਕਿੱਸੇ ਤੇ ਸ਼ਾਇਰੀ ਦੇ ਨਾਲ ਨੌਜਵਾਨੀ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ।ਉੱਥੇ ਹੀ ਪੰਜਾਬੀ ਸੰਗੀਤ ਜਗਤ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਸਮਾਗਮ ਦੇ ਮੁੱਖ ਮਹਿਮਾਨ ਨਿੰਦਰ ਘੁਗਿਆਣਵੀ ਨੇ ਆਪਣੀ ਜ਼ਿੰਦਗੀ ਦਾ ਸਫਰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਕਿ ਕਿਵੇ ਉਹ ਇੱਕ ਜੱਜ ਦੇ ਅਰਦਲੀ ਤੋਂ ਨੋਵੀਂ ਪਾਸ ਹੋਣ ਦੇ ਬਾਬਜੂਦ 69 ਕਿਤਾਬਾਂ ਦੇ ਰਚੇਤਾ ਬਣੇ ਉਨਾਂ ਜਿੱਥੇ ਆਪਣੇ ਉਸਤਾਦ ਲਾਲ ਚੰਦ ਯਮਲੇ ਜੱਟ ਦੀਆਂ ਗੱਲਾਂ ਸੁਣਾਈਆਂ ਉੱਥੇ ਹੀ ਆਪਣੀਆਂ ਕਿਤਾਬਾਂ ਬਾਰੇ ਵੀ ਗੱਲਾਂ ਕੀਤੀਆਂ ਕਿ ਕਿਸ ਤਰਾਂ ਉਨਾਂ ਇਹ ਮੁਕਾਮ ਹਾਸਲ ਕੀਤਾ।ਜਿਕਰਯੋਗ ਹੈ ਕਿ ਨਿੰਦਰ ਘੁਗਿਆਣਵੀ ਦੀਆਂ ਕਿਤਾਬਾਂ ਇਸ ਵੇਲੇ ਵੱਖ ਵੱਖ ਕਲਾਸਾਂ ਵਿੱਚ ਬੱਚਿਆਂ ਨੂੰ ਸਿਲੇਬਸ ਵਿੱਚ ਪੜਾਈਆਂ ਜਾਂਦੀਆਂ ਹਨ। "ਮੈ ਸਾਂ ਜੱਜ ਦਾ ਅਰਦਲੀ" ਕਿਤਾਬ ਹੁਣ ਤੱਕ ਅਨੇਕਾਂ ਭਾਸ਼ਾਵਾਂ ਵਿੱਚ ਛਪ ਚੁੱਕੀ ਹੈ।ਇਸ ਵੇਲੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਖ ਅਹੁਦਿਆਂ ਤੇ ਕੰਮ ਕਰਨ ਦੇ ਨਾਲ ਨਾਲ ਐਸੋਸੀਏਟ ਪ੍ਰਫੈਸਰ ਦੇ ਅਹੁਦੇ ਤੇ ਨਿਯੁਕਤ ਹਨ। ਇਸ ਮੌਕੇ ਪੰਜਾਬੀ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਯੋਗਦਾਨ ਪਾਉਣ ਵਾਲੇ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਗਗਨਦੀਪ ਸਿੰਘ,ਪ੍ਰੋ:ਨਰਦੀਪ ਸਿੰਘ, ਪ੍ਰੋ:ਮੁਖਤਿਆਰ ਸਿੰਘ,ਪ੍ਰੋ:ਪ੍ਰਭਜੀਤ ਕੌਰ, ਪ੍ਰੋ:ਰਮਨਦੀਪ ਸਿੰਘ , ਤੇ ਪ੍ਰੋ: ਰਾਜਵੀਰ ਕੌਰ ਤੇ ਵੱਖ ਵੱਖ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਮਨਪ੍ਰੀਤ ਸਿੰਘ, ਗਗਨਦੀਪ ਕੌਰ,ਜਸਵੀਰ ਸਿੰਘ ਢੀਂਡਸਾ, ਤੇ ਹਰਦੀਪ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਮੰਚ ਸੰਚਾਲਨ ਡਾਕਟਰ ਰਮਨਦੀਪ ਕੌਰ ਤੇ ਪ੍ਰੋ ਰਮਨਦੀਪ ਸਿੰਘ ਨੇ ਸਾਂਝੇ ਰੂਪ ਵਿੱਚ ਬਾਖ਼ੂਬੀ ਕੀਤਾ। ਡਾਕਟਰ ਅਚਲਾ ਸਿੰਗਲਾ ਵਾਈਸ ਪ੍ਰਿੰਸੀਪਲ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿੱਚ ਰੋਟਰੀ ਕਲੱਬ ਦੇ ਪ੍ਰਧਾਨ ਦਵਿੰਦਰ ਪਾਲ ਸਿੰਘ ਰਿੰਪੀ ਤੇ ਉਨਾਂ ਦੀ ਸਮੁੱਚੀ ਟੀਮ ਵੱਲੋਂ ਇਸ ਸਮਾਗਮ ਵਿੱਚ ਸਹਿਯੋਗ ਦੇਣ ਅਤੇ ਕਾਮਯਾਬ ਕਰਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ।
ਇਸ ਮੋਕੇ ਚਮਕੌਰ ਸਿੰਘ ਵੱਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।