ਕਿਹਾ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਨੂੰ ਕੀਤਾ ਜਾ ਰਿਹਾ ਅਣਦੇਖਾ
ਮਨੀ ਵੜ੍ਹੈਚ ਤੇ ਹੋਰ ਸੜਕ ਤੇ ਪੈੱਚ ਲਾਉਂਦੇ ਹੋਏ।
ਸੁਨਾਮ : ਜਲਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੀਆਂ ਖ਼ਸਤਾ ਹਾਲ ਸੜਕਾਂ ਦੀ ਮੁਰੰਮਤ ਕਰਨ ਲਈ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਨਗਰ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਆਪਣੇ ਸਾਥੀਆਂ ਨਾਲ ਮਿਲਕੇ ਮੁਰੰਮਤ ਕਰਨ ਦਾ ਬੀੜਾ ਚੁੱਕਿਆ ਹੈ। ਰਾਹਗੀਰਾਂ ਲਈ ਪ੍ਰੇਸ਼ਾਨੀ ਬਣੇ ਰੇਲਵੇ ਓਵਰ ਬ੍ਰਿਜ ਤੇ ਪਏ ਖੱਡਿਆਂ ਨੂੰ ਭਰ ਦਿੱਤਾ ਗਿਆ ਹੈ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਤੇ ਪਏ ਟੋਇਆਂ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਹੈ। ਬੱਸ ਸਟੈਂਡ ਨੇੜਲੇ ਰੇਲਵੇ ਫਾਟਕ ’ਤੇ ਅੰਡਰ ਬ੍ਰਿਜ ਬਣਨ ਕਾਰਨ ਸਾਰੀ ਆਵਾਜਾਈ ਓਵਰ ਬ੍ਰਿਜ ’ਤੇ ਆ ਗਈ ਹੈ। ਧੁੰਦ ਦਾ ਮੌਸਮ ਆਉਣ ਵਾਲਾ ਹੈ ਅਤੇ ਅਜਿਹੀ ਸਥਿਤੀ ਵਿੱਚ ਇਹ ਟੋਏ ਨਜ਼ਰ ਨਹੀਂ ਆਉਣਗੇ। ਇਸ ਖਤਰੇ ਨੂੰ ਭਾਂਪਦਿਆਂ ਉਸ ਨੇ ਸਮੇਂ ਸਿਰ ਇਸ ਦੀ ਮੁਰੰਮਤ ਕਰਵਾਈ। ਮਨੀ ਵੜ੍ਹੈਚ ਨੇ ਦੱਸਿਆ ਕਿ ਇਸ ਨੂੰ ਠੀਕ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਗਿਆ ਸੀ ਪਰੰਤੂ 'ਆਪ' ਸਰਕਾਰ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਸੁਨਾਮ ਹਲਕੇ ਦੀ ਨੁੰਮਾਇੰਦਗੀ ਕਰਨ ਵਾਲੇ ਵੀ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਨਾਕਾਮ ਸਾਬਤ ਹੋ ਰਹੇ ਹਨ। ਕਾਂਗਰਸ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਦੱਸਿਆ ਕਿ ਸੁਨਾਮ ਸ਼ਹਿਰ ਦੀਆਂ ਕਈ ਅੰਦਰੂਨੀ ਸੜਕਾਂ ਦੀ ਦਸ਼ਾ ਬੇਹੱਦ ਮਾੜੀ ਹੋ ਰਹੀ ਹੈ, ਬਾਵਜੂਦ ਇਸਦੇ ਵਿਕਾਸ ਕ੍ਰਾਂਤੀ ਦੀਆਂ ਟਾਹਰਾਂ ਮਾਰਨ ਵਾਲੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਸ ਮੌਕੇ ਗੁਰਪ੍ਰੀਤ ਲਾਡੀ, ਪਰਮਜੀਤ ਪੱਪੂ, ਸਾਹਿਲ ਜੌੜਾ, ਮਲਕੀਤ ਸਿੰਘ, ਮਨਿੰਦਰ ਮੱਲੀ, ਮੋਹਿਤ ਭਰਥ, ਰਮਨ ਬੱਲ ਆਦਿ ਹਾਜ਼ਰ ਸਨ।