ਫ਼ਤਹਿਗੜ੍ਹ ਸਾਹਿਬ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਜ਼ਿਲ੍ਹੇ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਲੋਕਲ ਇੰਡਸਟਰੀ ਦੀ ਸਿੱਖਿਅਤ/ਟਰੇਂਡ ਕਾਮਿਆਂ ਦੀ ਅਗਲੇ ਪੰਜ ਸਾਲਾਂ ਤੱਕ ਦੀ ਲੋੜ ਬਾਰੇ ਪਤਾ ਲਗਾਉਣ ਲਈ ਕੀਤੇ ਜਾਣ ਵਾਲੇ ਸਰਵੇਖਣ ਸਬੰਧੀ ਪੰਜਾਬ ਯੂਨਵਰਸਿਟੀ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਇਹ ਸਰਵੇਖਣ ਮੁੱਖ ਦਫਤਰ, ਪੰਜਾਬ ਹੁਨਰ ਵਿਕਾਸ ਮਿਸ਼ਨ, ਚੰਡੀਗੜ੍ਹ ਦੇ ਨਾਲ ਹੋਏ ਇੱਕ ਸਮਝੌਤੇ ਤਹਿਤ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਉਦੋਗਿਕ ਇਕਾਈਆਂ, ਵਿਦਿਅਕ ਅਦਾਰਿਆਂ, ਵੱਖ-ਵੱਖ ਵਿਭਾਗਾਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪੜ੍ਹੇ ਲਿਖੇ ਜਾਂ ਘੱਟ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਦੇ ਨਾਲ ਰਾਬਤਾ ਕਾਇਮ ਕਰ ਕੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਪ੍ਰਮੁੱਖ ਸੰਸਥਾਵਾਂ ਜੋ ਕਿਸੇ ਖਾਸ ਖੇਤਰ ਨਾਲ ਸੰਬੰਧਿਤ ਹਨ, ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ ਵੱਖ-ਵੱਖ ਟ੍ਰੇਨਿੰਗ ਅਦਾਰਿਆਂ, ਉਦਮੀਆਂ, ਇੰਡਸਟਰੀ ਐਸੋਸੀਏਸ਼ਨਜ਼ ਨਾਲ ਵੀ ਮੀਟਿੰਗਾਂ ਕਰ ਕੇ ਉਹਨਾਂ ਦੀਆਂ ਮੁਸ਼ਕਿਲਾਂ ਅਤੇ ਸੁਝਾਵਾਂ ਨੂੰ ਵੀ ਇਕੱਠਾ ਕੀਤਾ ਜਾਵੇਗਾ।
ਇਸ ਸਰਵੇਖਣ ਦਾ ਮੁੱਖ ਮਨੋਰਥ ਜ਼ਿਲ੍ਹੇ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਅਜਿਹੇ ਕੋਰਸ ਚਲਾਏ ਜਾਣ ਦੀ ਤਜਵੀਜ਼ ਤਿਆਰ ਕੀਤਾ ਜਾਣਾ ਹੈ, ਜਿਸ ਨਾਲ ਲੋਕਲ ਇੰਡਸਟਰੀ ਦੀ ਜ਼ਰੂਰਤ ਵੀ ਪੂਰੀ ਹੋ ਸਕੇ ਅਤੇ ਨੌਜਵਾਨਾਂ ਨੂੰ ਲੋਕਲ ਇੰਡਸਟਰੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਮਿਲ ਸਕਣ ਦੀ ਸੰਭਾਵਨਾ ਵੀ ਬਣ ਸਕੇ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਨੁਮਾਇੰਦਿਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਤਾਂ ਜੋ ਇਹ ਸਰਵੇਖਣ ਗੁਣਵੰਤਾ ਪੂਰਨ ਹੋ ਸਕੇ ਅਤੇ ਸਰਕਾਰ ਵੱਲੋਂ ਉਲੀਕੇ ਉਦੇਸ਼ ਨੂੰ ਪੂਰਾ ਕਰ ਸਕੇ।
ਮੀਟਿੰਗ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੁਨਰ ਵਿਕਾਸ ਮਿਸ਼ਨ ਦੇ ਨੁਮਾਇੰਦੇ ਹਾਜ਼ਰ ਸਨ।