ਸੁਨਾਮ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਸੁਨਾਮ ਯੂਨਿਟ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਇੱਕ ਵਫਦ ਨੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਤੇ ਲਾਇਆ ਪ੍ਰੋਫੈਸ਼ਨਲ ਟੈਕਸ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰੋਫੈਸ਼ਨਲ ਟੈਕਸ-- ਵਪਾਰੀਆਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜ੍ਹੀਆਂ ਕਰੇਗਾ। ਵਪਾਰ ਮੰਡਲ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਸਟੇਟ ਅਫਸਰ ਨੀਤਿਨ ਗੋਇਲ ਨੂੰ ਮੁੱਖ ਮੰਤਰੀ ਪੰਜਾਬ ਅਤੇ ਖਜ਼ਾਨਾ ਮੰਤਰੀ ਪੰਜਾਬ ਦੇ ਨਾਂਅ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਸਰਕਾਰ ਵੱਲੋਂ ਵਪਾਰੀਆਂ ਤੇ ਆਏ ਦਿਨ ਟੈਕਸ ਤਾਂ ਲਗਾਏ ਜਾ ਰਹੇ ਹਨ ਪਰ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਸੂਬੇ ਦੀ ਇੰਡਸਟਰੀ ਬਾਹਰੀ ਸੂਬਿਆਂ ਵਿੱਚ ਲਗਾਤਾਰ ਜਾ ਰਹੀ ਹੈ ਜਿਸ ਨਾਲ ਜਿੱਥੇ ਸਰਕਾਰ ਦੇ ਖਜ਼ਾਨੇ ਨੂੰ ਢਾਅ ਲੱਗੇਗੀ ਉਥੇ ਹੀ ਬੇਰੁਜ਼ਗਾਰੀ ਵਿੱਚ ਵੀ ਵਾਧਾ ਹੋ ਰਿਹਾ ਹੈ ਅਤੇ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਪ੍ਰੋਫੈਸ਼ਨਲ ਟੈਕਸ ਵਪਾਰੀਆਂ ਦੇ ਹਿੱਤ ਵਿੱਚ ਨਹੀਂ ਹੈ ਜਿਸਨੂੰ ਸਰਕਾਰ ਵੱਲੋਂ ਸਮਾਂ ਰਹਿੰਦੇ ਰੱਦ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਐਮ.ਐਸ.ਐਮ.ਈ. ਅਤੇ ਛੋਟੇ ਕਾਰੋਬਾਰ ਪਹਿਲਾਂ ਹੀ ਘੱਟ ਮੁਨਾਫੇ ਤੇ ਕੰਮ ਕਰ ਰਹੇ ਹਨ ਅਤੇ ਪ੍ਰੋਫੈਸ਼ਨਲ ਟੈਕਸ਼ ਨਾਲ ਇਹਨਾਂ ਕਾਰੋਬਾਰਾਂ ਤੇ ਵਾਧੂ ਦਬਾਅ ਪੈ ਰਿਹਾ ਹੈ ਅਤੇ ਅਜਿਹੇ ਟੈਕਸਾਂ ਕਾਰਨ ਇਹਨਾਂ ਉਦਯੋਗਾਂ ਦੀ ਆਰਥਿਕ ਸਥਿਤੀ ਹੋਰ ਪਤਲੀ ਹੁੰਦੀ ਜਾ ਰਹੀ ਹੈ । ਉਹਨਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਇਸ ਟੈਕਸ ਨੂੰ ਵਾਪਸ ਨਾ ਲਿਆ ਤਾਂ ਸਮੂਹ ਵਪਾਰੀ ਵਰਗ ਸੜਕਾਂ ਤੇ ਉਤਰ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਇਸ ਦੌਰਾਨ ਸਟੇਟ ਅਫਸਰ ਨੀਤਿਨ ਗੋਇਲ ਨੇ ਵਪਾਰ ਮੰਡਲ ਦੇ ਆਹੁਦੇਦਾਰਾਂ ਨੂੰ ਮੰਗ ਪੱਤਰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਅਤੇ ਆਪਣੇ ਵੱਲੋਂ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਨਰਲ ਸਕੱਤਰ ਚੰਦਰ ਸ਼ੇਖਰ, ਸੰਜੀਵ ਕੁਮਾਰ ਪੋਪਲੀ, ਰਾਕੇਸ਼ ਕੁਮਾਰ ਮੁੰਜਾਲ, ਸੁਭਾਸ਼ ਤਨੇਜਾ, ਰਾਕੇਸ਼ ਕੁਮਾਰ, ਮਿੰਦੀ ਬਿਜਲੀ ਵਾਲਾ ਅਤੇ ਜੀਵਨ ਕੁਮਾਰ ਵੀ ਮੌਜੂਦ ਸਨ।