ਦਫ਼ਤਰ ਆਮ ਦਿਨਾਂ ਵਾਂਗ ਖੁਲ੍ਹੇ ਰੱਖਣ ਦੇ ਵੀ ਦਿੱਤੇ ਆਦੇਸ਼
ਸ਼ਹੀਦੀ ਸਭਾ ਦੇ ਅਗੇਤੇ ਪ੍ਰਬੰਧਾਂ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਨੇ ਲਿਆ ਫੈਸਲਾ
ਫ਼ਤਹਿਗੜ੍ਹ ਸਾਹਿਬ : ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੇ ਜਰੂਰੀ ਪ੍ਰਬੰਧਾਂ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦਸੰਬਰ ਮਹੀਨੇ ਦੌਰਾਨ ਛੁੱਟੀ ਨਹੀਂ ਲਵੇਗਾ, ਸਮੂਹ ਅਧਿਕਾਰੀ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਦੀਆਂ ਛੁੱਟੀਆਂ ਮਨਜੂਰ ਨਹੀਂ ਕਰਨਗੇ ਅਤੇ ਨਾ ਹੀ ਅਧਿਕਾਰੀ/ਕਰਮਚਾਰੀ ਆਪਣਾ ਹੈਡ ਕੁਆਰਟਰ ਛੱਡਣਗੇ।
ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਵੀ ਦਿੱਤੇ ਹਨ ਕਿ ਜੇਕਰ ਕਿਸੇ ਅਧਿਕਾਰੀ ਨੂੰ ਐਮਰਜੰਸੀ ਕਾਰਨ ਆਪਣਾ ਹੈਡ-ਕੁਆਟਰ ਛੱਡਣਾ ਹੋਵੇ ਤਾਂ ਉਹ ਪਹਿਲਾਂ ਡਿਪਟੀ ਕਮਿਸ਼ਨਰ ਪਾਸੋਂ ਪ੍ਰਵਾਨਗੀ ਪ੍ਰਾਪਤ ਕਰੇਗਾ। ਜੇਕਰ ਕਿਸੇ ਕਰਮਚਾਰੀ ਨੂੰ ਬਹੁਤ ਹੀ ਐਮਰਜੰਸੀ ਕਾਰਨ ਛੁੱਟੀ ਲੈਣੀ ਪੈਂਦੀ ਹੈ ਤਾਂ ਉਹ ਸਮਰੱਥ ਅਥਾਰਟੀ ਤੋਂ ਪਹਿਲਾਂ ਛੁੱਟੀ ਮਨਜੂਰ ਕਰਵਾਉਣਗੇ ਅਤੇ ਘਰੋਂ ਛੁੱਟੀ ਨਹੀਂ ਭੇਜੀ ਜਾ ਸਕੇਗੀ।
ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਵੀ ਦਿੱਤੇ ਹਨ ਕਿ 25 ਤੋਂ 27 ਦਸੰਬਰ ਤੱਕ ਮਨਾਈ ਜਾਣ ਵਾਲੀ ਸ਼ਹੀਦੀ ਸਭਾ ਨੂੰ ਵੇਖਦੇ ਹੋਏ 21 ਦਸੰਬਰ (ਸ਼ਨੀਵਾਰ), 22 ਦਸੰਬਰ (ਐਤਵਾਰ) ਅਤੇ 25 ਦਸੰਬਰ ਨੂੰ ਕ੍ਰਿਸਮਿਸ ਦੀ ਛੁੱਟੀ ਵਾਲੇ ਦਿਨ ਜ਼ਿਲ੍ਹੇ ਦੇ ਸਾਰੇ ਆਮ ਦਿਨਾਂ ਵਾਂਗ ਲੱਗਣਗੇ ਅਤੇ ਇਨ੍ਹਾਂ ਦਿਨਾਂ ਨੂੰ ਸਮੂਹ ਦਫ਼ਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜਰੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਜਰੂਰੀ ਡਾਕ/ਕੰਮ ਸਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਡਾ. ਸੋਨਾ ਥਿੰਦ ਨੇ ਸਮੂਹ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਸ਼ਹੀਦੀ ਸਭਾ ਦੇ ਸਮਾਪਤੀ ਤੱਕ ਨਿਰੰਤਰ ਰੂਪ ਵਿੱਚ ਸਵੇਰੇ 09:00 ਵਜੇ ਅਤੇ ਬਾਅਦ ਦੁਪਿਹਰ 04:50 ਵਜੇ ਹਾਜਰੀ ਚੈਕ ਕਰਕੇ ਰੋਜ਼ਾਨਾਂ ਰਿਪੋਰਟ ਡੀ.ਸੀ. ਦਫ਼ਤਰ ਵਿਖੇ ਭੇਜਣੀ ਯਕੀਨੀ ਬਣਾਈ ਜਾਵੇ। ਇਸ ਚੈਕਿੰਗ ਦੌਰਾਨ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਗੈਰ ਹਾਜਰ ਪਾਏ ਗਏ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।