ਮੰਡੀ ਗੋਬਿੰਦਗੜ੍ਹ : ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਦ੍ਰਿੜਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ. ਕੁਲਬੀਰ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਬਜਾਰ ਵਿੱਚ ਕਿਸੇ ਪ੍ਰਾਈਵੇਟ ਵਿਅਕਤੀ ਵੱਲੋਂ ਨਜਾਇਜ਼ ਢੰਗ ਨਾਲ ਨਗਰ ਕੌਂਸਲ ਦੀ ਪਾਇਪ ਨਾਲ ਕੁਨੈਕਸ਼ਨ ਜੋੜਿਆ ਸੀ ਨਗਰ ਕੌਂਸਲ ਵੱਲੋਂ ਅਣ-ਅਧਿਕਾਰਤ ਕੁਨੈਕਸ਼ਨ ਨੂੰ ਕੱਟ ਕੇ ਪਾਇਪ ਹਟਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਪਾਣੀ ਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪਾਇਪਾਂ ਪਾਈਆਂ ਹੋਈਆਂ ਹਨ ਪ੍ਰੰਤੂ ਕਈ ਵਿਅਕਤੀ ਗਲਤ ਢੰਗ ਨਾਲ ਇਨ੍ਹਾਂ ਪਾਇਪਾਂ ਨਾਲ ਆਪਣਾ ਕੁਨੈਕਸ਼ਨ ਜੋੜ ਲੈਂਦੇ ਹਨ। ਉਨ੍ਹਾਂ ਕਿਹਾ ਕਿ ਨਜਾਇਜ਼ ਢੰਗ ਨਾਲ ਕੁਨੈਕਸ਼ਨ ਜੋੜਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਨਜਾਇਜ਼ ਢੰਗ ਨਾਲ ਕੁਨੈਕਸ਼ਨ ਜੋੜਨ ਵਾਲਿਆਂ ਦੇ ਸਮੇਂ-ਸਮੇਂ ਤੇ ਚਲਾਨ ਕੀਤੇ ਜਾਂਦੇ ਹਨ ਅਤੇ ਇਹ ਪ੍ਰਕ੍ਰਿਆ ਨਿਰੰਤਰ ਜਾਰੀ ਰਹੇਗੀ।
ਸ. ਬਰਾੜ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਵੱਲੋਂ ਆਮ ਨਾਗਰਿਕਾਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤੇ ਨਜਾਇਜ਼ ਕੁਨੈਕਸ਼ਨ ਜੋੜਨ ਵਾਲੇ ਵਿਅਕਤੀਆਂ ਬਾਰੇ ਕੌਂਸਲ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਜਾਇਜ਼ ਢੰਗ ਨਾਲ ਕੁਨੈਕਸ਼ਨ ਜੋੜਨ ਨਾਲ ਜਿਥੇ ਸੜਕਾਂ ਤੇ ਆਵਾਜਾਈ ਦੀ ਸਮੱਸਿਆ ਪੇਸ਼ ਆਉਂਦੀ ਹੈ ਉਥੇ ਹੀ ਇਸ ਨਾਲ ਜਲ ਸਪਲਾਈ ਵਿੱਚ ਵੀ ਵਿਘਨ ਪੈਂਦਾ ਹੈ। ਇਸ ਲਈ ਕੌਂਸਲ ਦੀ ਨਿਰਵਿਘਨ ਜਲ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਵਿੱਚ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ।