ਕਿਹਾ ਤਿੰਨ ਸਾਲ ਦੇ ਬੱਚਿਆਂ ਦੀ ਕੇਂਦਰਾਂ ਵਿੱਚ ਹੋਵੇ ਸੰਪੂਰਨ ਵਾਪਸੀ
ਸੁਨਾਮ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀਆਂ ਵਰਕਰਾਂ ਨੇ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦੀ ਆਂਗਨਵਾੜੀ ਕੇਂਦਰਾਂ ਵਿੱਚ ਸੰਪੂਰਨ ਵਾਪਸੀ ਦੀ ਮੰਗ ਕਰਦਿਆਂ ਸੀਡੀਪੀਓ ਨੂੰ ਯਾਦ ਪੱਤਰ ਦੇਕੇ ਨਾਅਰੇਬਾਜ਼ੀ ਕੀਤੀ ਅਤੇ ਕਾਪੀਆਂ ਫੂਕੀਆਂ । ਬੁੱਧਵਾਰ ਨੂੰ ਸੁਨਾਮ ਵਿਖੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਬਲਾਕ ਪ੍ਰਧਾਨ ਤ੍ਰਿਸ਼ਨਜੀਤ ਕੌਰ ਦੀ ਅਗਵਾਈ ਹੇਠ ਜਥੇਬੰਦੀ ਦੀਆਂ ਵਰਕਰਾਂ ਨੇ ਅਧਿਕਾਰੀ ਨੂੰ ਯਾਦ ਪੱਤਰ ਦੇਕੇ ਕਿਹਾ ਕਿ ਜਥੇਬੰਦੀ ਲੰਮੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਤਿੰਨ ਸਾਲ ਉਮਰ ਤੱਕ ਦੇ ਬੱਚਿਆਂ ਨੂੰ ਆਂਗਨਵਾੜੀ ਕੇਂਦਰਾਂ ਵਿੱਚ ਭੇਜਿਆ ਜਾਵੇ ਤਾਂ ਜੋ ਸਰਕਾਰਾਂ ਦੀ ਸਕੀਮ ਤਹਿਤ ਛੋਟੇ ਬੱਚਿਆਂ ਨੂੰ ਸੰਪੂਰਨ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 22 ਸਤੰਬਰ 2017 ਤੋਂ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਤਹਿਤ ਪ੍ਰਾਇਮਰੀ ਸਕੂਲਾਂ ਵਿੱਚ ਨਰਸਰੀ ਜਮਾਤ ਸ਼ੁਰੂ ਕਰਕੇ ਤਿੰਨ ਸਾਲ ਦੇ ਬੱਚੇ ਦਾਖਲ ਕੀਤੇ ਹੋਏ ਹਨ ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਦੀ ਨਿਗਰਾਨੀ ਤਹਿਤ ਪੋਸ਼ਣ ਟ੍ਰੈਕ ਐਪਲੀਕੇਸ਼ਨ ਸੁਰੂ ਕੀਤੀ ਗਈ ਹੈ , ਜਦੋਂ ਕਿ ਪੰਜਾਬ ਵਿੱਚ 90 ਫੀਸਦੀ ਬੱਚੇ ਸਕੂਲਾਂ ਵਿੱਚ ਬੈਠਦੇ ਹਨ । ਬੱਚਿਆਂ ਨੂੰ ਨਿਊਟਰੇਸ਼ਨ ਦੇਣਾ ਅਤੇ ਗਰੋਥ ਮੋਨੀਟਰਿੰਗ ਕਰਨਾ ਆਂਗਣਵਾੜੀ ਵਰਕਰ ਦੁਆਰਾ ਕੀਤਾ ਜਾਂਦਾ ਹੈ । ਜਿਸ ਨੂੰ ਕਰਨ ਵਿੱਚ ਅੱਤ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਥੇਬੰਦੀ ਨੇ ਕਿਹਾ ਕਿ ਅਧਿਆਪਕ ਆਂਗਣਵਾੜੀ ਕੇਂਦਰ ਵਿੱਚ ਬੱਚੇ ਦੇਣ ਨੂੰ ਤਿਆਰ ਨਹੀਂ ਹੁੰਦੇ । ਜਿਸ ਕਾਰਨ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਵਿੱਚ ਟਕਰਾਓ ਬਣ ਰਿਹਾ ਹੈ। ਜੇਕਰ ਵਿਭਾਗ ਦੇ ਸੀ.ਡੀ.ਪੀ.ਓ ਜਾਂ ਸੁਪਰਵਾਈਜ਼ਰ ਨੂੰ ਲਿਖਿਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾਂਦਾ। ਇਸ ਦੇ ਉਲਟ ਕੇਂਦਰ ਸਰਕਾਰ ਵੱਲੋਂ ਬੱਚਿਆਂ ਦੀ ਨਿਗਰਾਨੀ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਂਗਨਵਾੜੀ ਕੇਂਦਰ ਵਿੱਚ ਬੱਚਿਆਂ ਦੀ ਲਾਈਵ ਹਾਜ਼ਰੀ ਦੀ ਫੋਟੋ ਜਾਂ ਵੀਡੀਓ ਕੈਪਚਰ ਕਰਕੇ ਭੇਜਣਾ । ਸਰਵੇ ਰਜਿਸਟਰ ਅਤੇ ਫੀਡ ਖਪਤ ਰਜਿਸਟਰ ਆਨਲਾਈਨ ਕਰਨਾ , ਹੁਣ ਆਈ ਨਵੀਂ ਤਬਦੀਲੀ ਤਹਿਤ ਫੋਟੋ ਆਈ ਡੀ ਦੇ ਨਾਮ ਤੇ ਹੋਰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਕੰਮਾਂ ਨੂੰ ਸੰਪੂਰਨ ਕਰਨ ਲਈ ਲੈਪ ਟੋਪ ਕੰਪਿਊਟਰ ਅਤੇ ਫਾਸਟ ਨੈਟ ਦੀ ਜਰੂਰਤ ਹੈ । ਇਸ ਮੌਕੇ ਗੁਰਵਿੰਦਰ ਕੌਰ, ਪਿੰਕੀ ਰਾਣੀ ਸਮੇਤ ਹੋਰ ਆਗੂ ਹਾਜ਼ਰ ਸਨ।