ਨੋਬਲ ਪੁਰਸਕਾਰ ਦੁਨੀਆ ਦਾ ਸਭ ਤੋਂ ਪ੍ਰਸਿੱਧ ਅਤੇ ਮਾਣਯੋਗ ਪੁਰਸਕਾਰ ਹੈ ਜੋ ਵਿਭਿੰਨ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਹ ਪੁਰਸਕਾਰ ਹਰ ਸਾਲ 10 ਦਸੰਬਰ ਨੂੰ ਅਲਫ੍ਰੇਡ ਨੋਬਲ ਦੀ ਬਰਸੀ ਦੇ ਮੌਕੇ ’ਤੇ ਸਨਮਾਨਿਤ ਕੀਤਾ ਜਾਂਦਾ ਹੈ। 2024 ਦੇ ਨੋਬਲ ਪੁਰਸਕਾਰ ਜੇਤੂਆਂ ਦੀ ਘੋਸ਼ਣਾ ਪਹਿਲਾਂ ਹੀ ਅਕਤੂਬਰ ਮਹੀਨੇ ਵਿੱਚ ਕੀਤੀ ਜਾ ਚੁੱਕੀ ਹੈ। ਨੋਬਲ ਇਨਾਮ ਹਰ ਸਾਲ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸ ਵੱਲੋਂ ਵੱਖ-ਵੱਖ ਖੇਤਰਾਂ ‘ਚ ਵਰਨਨਯੋਗ ਯੋਗਦਾਨ ਦੇਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ। 1895 ‘ਚ ਅਲਫ਼ਰੈਡ ਨੋਬਲ ਦੀ ਵਸੀਅਤ ਮੁਤਾਬਿਕ ਦਿੱਤਾ ਜਾਣ ਵਾਲਾ ਨੋਬਲ ਇਨਾਮ ਪੰਜ ਵਿਸ਼ਿਆਂ ਵਿੱਚ ਨੋਬਲ ਫਾਊਂਡੇਸ਼ਨ ਵੱਲੋਂ ਦਿੱਤਾ ਜਾਂਦਾ ਹੈ। ਇਹ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਸਾਹਿਤ, ਸਰੀਰ ਜਾਂ ਚਿਕਿਤਸਾ ਵਿਗਿਆਨ ਅਤੇ ਨੋਬਲ ਸ਼ਾਂਤੀ ਇਨਾਮ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ ਬਾਅਦ ਵਿੱਚ ਆਰਥਿਕ ਵਿਗਿਆਨ ਦੇ ਖੇਤਰ ਵਿੱਚ ਵੀ ਦਿੱਤਾ ਜਾਣ ਲੱਗਾ।
ਇਹ ਇਨਾਮ ਪਾਉਣ ਵਾਲੇ ਹਰ ਇਕ ਵਿਅਕਤੀ ਨੂੰ ਕਰੀਬ ਸਾਢੇ ਚਾਰ ਕਰੋੜ ਰੁਪਏ ਦੀ ਧਨ ਰਾਸ਼ੀ ਮਿਲਦੀ ਹੈ। ਇਸ ਤੋਂ ਇਲਾਵਾ 23 ਕੈਰਟ ਸੋਨੇ ਦਾ ਕਰੀਬ 6 ਸੈਂਟੀਮੀਟਰ ਵਿਆਸ ਦਾ 200 ਗਰਾਮ ਵਜ਼ਨੀ ਮੈਡਲ ਅਤੇ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤਾ ਜਾਂਦਾ ਹੈ। ਮੈਡਲ ਉੱਤੇ ਇਕ ਪਾਸੇ ਨੋਬਲ ਪੁਰਸਕਾਰਾਂ ਨੂੰ ਸ਼ੁਰੂ ਕਰਨ ਵਾਲੇ ਅਲਫ੍ਰੇਡ ਨੋਬਲ ਦੀ ਤਸਵੀਰ ਅਤੇ ਉਨ੍ਹਾਂ ਦਾ ਜਨਮ ਅਤੇ ਮੌਤ ਦਾ ਸਾਲ ਅਤੇ ਦੂਜੇ ਪਾਸੇ ਯੂਨਾਨੀ ਦੇਵੀ ਆਇਸਿਸ ਦਾ ਚਿੱਤਰ,‘ਰਾਇਲ ਅਕੈਡਮੀ ਆਫ਼ ਸਾਇੰਸ ਸਟਾਕਹੋਮ’ ਅਤੇ ਇਨਾਮ ਪਾਉਣ ਵਾਲੇ ਵਿਅਕਤੀ ਦਾ ਨਾਮ ਅਤੇ ਇਨਾਮ ਦਿੱਤੇ ਜਾਣ ਦਾ ਸਾਲ ਅੰਕਿਤ ਹੁੰਦਾ ਹੈ।
ਨੋਬਲ ਪੁਰਸਕਾਰ ਅਲਫਰੈਡ ਬਰਨਾਹਡ ਨੋਬਲ ਦੇ ਯਾਦ ਵਿੱਚ ਦਿੱਤੇ ਜਾਂਦੇ ਹਨ। ਅਕਤੂਬਰ 1833 ਵਿੱਚ ਜਨਮੇ ਅਲਫਰੈਡ ਨੋਬਲ ਇੱਕ ਸਵੀਡਿਸ਼ ਕੈਮਿਸਟ, ਇੰਜੀਨੀਅਰ, ਖੋਜੀ, ਵਪਾਰੀ ਅਤੇ ਪਰਉਪਕਾਰੀ ਸੀ। ਉਹਨਾਂ ਦੇ ਨਾਮ ਨਾਲ 355 ਪੇਟੈਂਟ ਹਨ। ਉਹਨਾਂ ਨੇ ਵਿਗਿਆਨ ਵਿੱਚ ਕਈ ਮਹੱਤਵਪੂਰਨ ਯੋਗਦਾਨ ਵੀ ਦਿੱਤੇ। ਨੋਬਲ ਦੀ ਸਭ ਤੋਂ ਮਸ਼ਹੂਰ ਕਾਢ ਡਾਇਨਾਮਾਈਟ ਸੀ ਜੋ ਕਿ ਨਾਈਟ੍ਰੋਗਲਿਸਰੀਨ ਦੀ ਵਿਸਫੋਟਕ ਸ਼ਕਤੀ ਨੂੰ ਵਰਤਣ ਦਾ ਇੱਕ ਸੁਰੱਖਿਅਤ ਅਤੇ ਆਸਾਨ ਸਾਧਨ ਸੀ ਇਸਨੂੰ 1867 ਵਿੱਚ ਪੇਟੈਂਟ ਕੀਤਾ ਗਿਆ ਸੀ।
ਉਹ ਛੇ ਭਾਸ਼ਾਵਾਂ ਵਿੱਚ ਮਾਹਿਰ ਸਨ ਉਨ੍ਹਾਂ ਨੇ ਆਪਣਾ ਪਹਿਲਾ ਪੇਟੈਂਟ 24 ਸਾਲ ਦੀ ਉਮਰ ਵਿੱਚ ਕਰਵਾਇਆ ਸੀ। ਉਹਨਾਂ ਨੇ ਆਪਣੀ ਇਕ ਕੰਪਨੀ ਜੋ ਕਿ ਲੋਹੇ ਤੇ ਸਟੀਲ ਦਾ ਕੰਮ ਕਰਦੀ ਸੀ ਨੂੰ ਤੋਪ ਅਤੇ ਹਥਿਆਰ ਬਣਾਉਣ ਲਈ ਵਿਕਸਿਤ ਕੀਤਾ। ਉਹਨਾਂ ਨੇ ਆਪਣੀ ਸੰਪਤੀ ਦਾ ਇੱਕ ਵੱਡਾ ਹਿੱਸਾ ਨੋਬਲ ਟਰੱਸਟ ਬਣਾ ਕੇ ਉਸ ਨੂੰ ਦਾਨ ਕਰ ਦਿੱਤਾ ਜੋ ਕਿ ਹਰ ਸਾਲ ਮਨੁੱਖਤਾ ਦੀ ਭਲਾਈ ਲਈ ਵਿਗਿਆਨਿਕਾਂ ਦੇ ਯੋਗਦਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਨੋਬਲ ਪੁਰਸਕਾਰ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ।
ਇਸ ਸਾਲ 2024 ਦੇ ਭੌਤਿਕ ਵਿਗਿਆਨ ਦੇ ਨੋਬਲ ਵਿਜੇਤਾ ਜੋਹਨ ਹੋਪ ਫ਼ੀਲਡ ਜੋ ਕਿ ਯੂਐਸਏ ਦੇ ਹਨ ਅਤੇ ਜੈਫਰੀ ਹਿੰਟਨ ਜੋ ਕਿ ਕੈਨੇਡਾ ਦੇ ਰਹਿਣ ਵਾਲੇ ਹਨ ਨੂੰ ਮਸ਼ੀਨ ਲਰਨਿੰਗ ਅਤੇ ਆਰਟੀਫਿਸ਼ਅਲ ਨਿਊਰਲ ਨੈੱਟਵਰਕ ਤੇ ਕੰਮ ਕਰਨ ਲਈ ਮਿਲਿਆ। ਰਸਾਇਣਿਕ ਵਿਗਿਆਨ ਦੇ ਨੋਬਲ ਵਿਜੇਤਾ ਡੇਵਿਡ ਬੇਕਰ ਡੈਮਿਸ ਹੈਸਬਿਸ ਤੇ ਜੋਹਨ ਜੰਪਰ ਰਹੇ। ਜਿਨ੍ਹਾਂ ਨੇ ਪ੍ਰੋਟੀਨ ਦੇ ਕੋਡ ਤੇ ਕੰਮ ਕੀਤਾ ਅਤੇ ਏਆਈ ਦੀ ਸਹਾਇਤਾ ਨਾਲ ਪ੍ਰੋਟੀਨ ਦੇ ਗੁੰਝਲਦਾਰ ਸੰਰਚਨਾ ਨੂੰ ਸਮਝਣ ਲਈ ਮਾਡਲ ਤਿਆਰ ਕੀਤਾ।
ਜੀਵ ਵਿਗਿਆਨ ਜਾਂ ਫਿਰ ਮੈਡੀਸਨ ਦੇ 2024 ਦੇ ਨੋਬਲ ਵਿਜੇਤਾ ਵਿਕਟਰ ਐਮਬਰੋਸ ਅਤੇ ਗੈਰੀ ਰੁਵਕੁਨ ਹਨ। ਉਹਨਾਂ ਦਾ ਕੰਮ ਐਮ.ਆਰ. ਐੱਨ. ਏ ਉਤੇ ਆਧਾਰਿਤ ਹੈ। ਸਾਹਿਤ ਦੇ 2024 ਦੇ ਨੋਬਲ ਪ੍ਰਾਈਜ਼ ਦੀ ਜੇਤੂ ਹਾਨ ਕਾਂਗ ਹੈ ਜੋ ਕਿ ਸਾਊਥ ਕੋਰੀਆ ਦੀ ਪਹਿਲੀ ਅਤੇ ਇਕਲੌਤੀ ਨੋਬਲ ਵਿਜੇਤਾ ਹੈ। ਉਨ੍ਹਾਂ ਦਾ ਕੰਮ ਜਿਸ ਵਿਚ ਜ਼ਿੰਦਗੀ ਵਿੱਚ ਸੰਘਰਸ਼ ਨੂੰ ਉਜਾਗਰ ਕਰਨਾ ਹੈ ਕਰਕੇ ਮਿਲਿਆ ਸ਼ਾਂਤੀ ਨੋਬਲ ਪ੍ਰਾਈਜ਼ ਜੋ ਕਿ ਜਾਪਾਨ ਦੀ ਇੱਕ ਸੰਸਥਾ ਨਿਹੋਨ ਹਿੰਡਨਕਿਉ ਨੂੰ ਮਿਲਿਆ। ਇਹ ਸੰਸਥਾ ਹੀਰੋਸ਼ੀਮਾ ਅਤੇ ਨਾਗਾਸਾਕੀ ਪਰਮਾਣੂ ਬੰਮ ਧਮਾਕੇ ਦੇ ਬਚੇ ਹੋਏ ਵਲੰਟੀਅਰਾਂ ਦੇ ਸਹਿਯੋਗ ਨਾਲ ਚਲਦੀ ਹੈ। ਇਹਨਾਂ ਦਾ ਉਦੇਸ਼ ਪਰਮਾਣੂ ਹਥਿਆਰਾਂ ਰਹਿਤ ਦੁਨੀਆ ਬਣਾਉਣਾ ਹੈ।
ਅਰਥ ਸ਼ਾਸਤਰ 2024 ਦਾ ਨੋਬਲ ਵਿਜੇਤਾ ਡੈਰੋਨ ਐਸਮੋਗਲੂ ਜੋ ਕਿ ਅਮਰੀਕੀ ਮੂਲ ਸਾਈਮਨ ਜੋਨਸਨ ਤੇ ਜੇਮਸ ਰੋਬਿਨਸਨ ਨੇ ਜਿੱਤਿਆ। ਇਹਨਾਂ ਦਾ ਕੰਮ ਕੁਝ ਅਮੀਰ ਤੇ ਗ਼ਰੀਬ ਦੇਸ਼ਾਂ ਦੀ ਅਰਥ ਸ਼ਾਸਤਰ ਦੀ ਵਿਵਸਥਾ ਨੂੰ ਸਮਝਣਾ ਹੈ। ਉਹਨਾਂ ਨੇ ਅਮੀਰ ਅਤੇ ਗ਼ਰੀਬ ਦੇਸ਼ਾਂ ਵਿਚਲੀ ਖ਼ੁਸ਼ਹਾਲੀ ਵਿਚਲੇ ਫ਼ਰਕ ਦਾ ਅਧਿਐਨ ਕੀਤਾ ਅਤੇ ਇਸ ਸੂਝ ਨੂੰ ਉੱਥੋਂ ਦੇ ਰਾਜਨੀਤਿਕ ਆਰਥਿਕ ਸੰਸਥਾਵਾਂ ਦੇ ਯੋਗਦਾਨ ਬਾਰੇ ਦੱਸਿਆ।
ਭਾਰਤੀਆਂ ਨੇ ਵੀ ਨੋਬਲ ਪੁਰਸਕਾਰ ਜਿੱਤ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਖੱਟਿਆ ਹੈ। ਜਿਨ੍ਹਾਂ ਵਿੱਚ ਸਭ ਤੋਂ ਪਹਿਲੇ ਭਾਰਤੀ ਰਵਿੰਦਰ ਨਾਥ ਟੈਗੋਰ ਹਨ। ਉਹਨਾਂ ਨੇ ਸਾਹਿਤਿਕ ਨੋਬਲ 1913 ਵਿੱਚ ਜਿੱਤਿਆ। ਸੀ ਵੀ ਰਮਨ ਨੇ 1930 ਵਿੱਚ ਭੌਤਿਕ ਵਿਗਿਆਨ ਵਿੱਚ ਰਮਨ ਅਫੈਕਟ ਦੀ ਖੋਜ ਲਈ ਨੋਬਲ ਪੁਰਸਕਾਰ ਜਿੱਤਿਆ। ਮਦਰ ਟੈਰੇਸਾ ਨੇ 1979 ਵਿੱਚ ਸ਼ਾਂਤੀ ਨੋਬਲ ਪੁਰਸਕਾਰ ਅਤੇ ਅੰਮ੍ਰਿਤਿਆ ਸੇਨ ਨੇ 1998 ਵਿੱਚ ਅਰਥ ਸ਼ਾਸਤਰ ਵਿੱਚ ਨੋਬਲ ਪੁਰਸਕਾਰ ਜਿੱਤਿਆ। ਕੈਲਾਸ਼ ਸੱਤਿਆਰਥੀ ਨੇ ਸਨ 2014 ਵਿੱਚ ਬੱਚਿਆਂ ਦੀ ਗ਼ੁਲਾਮੀ ਅਤੇ ਸ਼ੋਸ਼ਣ ਲਈ ਕੰਮ ਕਰਕੇ ਮਲਾਲਾ ਨਾਲ ਨੋਬਲ ਪੁਰਸਕਾਰ ਵਿੱਚ ਹਿੱਸੇਦਾਰੀ ਕੀਤੀ ਸੀ। 2009 ਵਿੱਚ ਵੈਂਕਟ ਰਮਨ ਰਾਮਾਕ੍ਰਿਸ਼ਨਨ ਨੇ ਰਸਾਇਣਿਕ ਵਿਗਿਆਨ ਵਿੱਚ ਰਾਈਬੋਸੋਮ ਦੀ ਸੰਰਚਨਾ ਅਤੇ ਇਸ ਦੇ ਕੰਮਾਂ ਦੇ ਅਧਿਐਨ ਲਈ ਨੋਬਲ ਜਿੱਤਿਆ। ਅਭੀਜੀਤ ਬੈਨਰਜੀ ਨੇ ਅਰਥਸ਼ਾਸਤਰ ਵਿੱਚ 2019 ਵਿੱਚ ਨੋਬਲ ਜਿੱਤਿਆ। ਕੁਝ ਇਹੋ ਜਿਹੀਆਂ ਵੀ ਸ਼ਖ਼ਸੀਅਤਾਂ ਹਨ ਜੋ ਕਿ ਮੂਲ ਰੂਪ ਵਿਚ ਭਾਰਤੀ ਸਨ ਪ੍ਰੰਤੂ ਨੋਬਲ ਪੁਰਸਕਾਰ ਦੇ ਮਿਲਣ ਸਮੇਂ ਉਹ ਭਾਰਤੀ ਨਾਗਰਿਕਤਾ ਛੱਡ ਚੁੱਕੇ ਸਨ। ਉਹਨਾਂ ਵਿੱਚ ਸਭ ਤੋਂ ਪਹਿਲਾ ਨਾਂ ਹਰਗੋਬਿੰਦ ਖੁਰਾਣਾ ਦਾ ਆਉਂਦਾ ਹੈ। ਜਿਨ੍ਹਾਂ ਨੇ 1968 ਵਿੱਚ ਮੈਡੀਸਨ ਦਾ ਨੋਬਲ ਆਪਣੇ ਨਾਮ ਕਰਾਇਆ ਸੀ। ਉਹਨਾਂ ਦਾ ਕੰਮ ਜੀਨ ਕੋਡ ਜੀਨ ਕਲੋਨਿੰਗ ਅਤੇ ਜੈਨੇਟਿਕ ਇੰਜੀਨੀਅਰਿੰਗ ਸ਼ਾਮਲ ਹੈ। ਸੁਬਰਾਮਨੀਅਮ ਚੰਦਰਸ਼ੇਖਰ ਨੇ 1983 ਵਿੱਚ ਭੌਤਿਕੀ ਵਿਗਿਆਨ ਅਤੇ ਵੈਂਕਟ ਰਮਨ ਰਾਮਾਕ੍ਰਿਸ਼ਨਨ ਨੇ ਰਸਾਇਣਿਕ ਵਿਗਿਆਨ ਵਿੱਚ 2009 ਵਿੱਚ ਨੋਬਲ ਪੁਰਸਕਾਰ ਜਿੱਤਿਆ।
ਹਰਪ੍ਰੀਤ ਕੌਰ ਬਰਾੜ
ਸਾਇੰਸ ਮਿਸਟ੍ਰੈੱਸ
ਸ ਸ ਸ ਸ ਸ, ਪੀ ਏ ਯੂ
ਲੁਧਿਆਣਾ
ਧੰਨਵਾਦ
ਗੁਰਪ੍ਰੀਤ ਸਿੰਘ ਖੱਟੜਾ 9814111011