ਸੁਨਾਮ : ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੁਨਾਮ ਵੱਲੋਂ ਪੈਨਸ਼ਨਰ ਦਿਹਾੜਾ 17 ਦਸੰਬਰ ਨੂੰ ਸ਼ਾਂਤੀ ਨਿਕੇਤਨ ਨੇੜੇ ਬੱਸ ਸਟੈਂਡ ਸੁਨਾਮ ਵਿਖੇ ਮਨਾਇਆ ਜਾਵੇਗਾ। ਸਮਾਗਮ ਦੀਆਂ ਤਿਆਰੀਆਂ ਨੂੰ ਲੈਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਸੇਵਾ ਮੁਕਤ ਜੇਲ੍ਹ ਸੁਪਰਡੈਂਟ ਹਰਦੀਪ ਸਿੰਘ ਭੱਟੀ ਨੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਬਖਸ਼ ਸਿੰਘ ਜਖੇਪਲ, ਚੇਤ ਰਾਮ ਢਿੱਲੋਂ ਜਨਰਲ ਸਕੱਤਰ, ਗਿਰਧਾਰੀ ਲਾਲ ਜਿੰਦਲ ਵਿਤ ਸਕੱਤਰ, ਮਦਨ ਲਾਲ ਬਾਸਲ, ਪ੍ਰਕਾਸ਼ ਸਿੰਘ ਕੰਬੋਜ ਰਜਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪੈਨਸ਼ਨਰਜ਼ ਦਿਹਾੜੇ ਮੌਕੇ ਸੇਵਾ ਮੁਕਤ ਲੈਕਚਰਾਰ ਗੁਰਚਰਨ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦਕਿ ਸਰਕਾਰੀ ਬੈਂਕਾਂ ਦੇ ਚੀਫ ਅਤੇ ਸੀਨੀਅਰ ਮੈਨੇਜਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਪੈਨਸ਼ਨਰਜ਼ ਦਿਹਾੜੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਸਮਾਗਮ ਦੀ ਸਫਲਤਾ ਲਈ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਬਕਾਇਦਾ ਡਿਊਟੀਆਂ ਲਾਈਆਂ ਗਈਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਗੁਰਬਖਸ਼ ਸਿੰਘ ਜਖੇਪਲ, ਸੇਵਾ ਮੁਕਤ ਐਸ ਪੀ ਹਰਦੀਪ ਸਿੰਘ ਭੱਟੀ ਅਤੇ ਜਨਰਲ ਸਕੱਤਰ ਚੇਤ ਰਾਮ ਢਿੱਲੋਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਦਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਧਰਨਿਆਂ ਵਿੱਚ ਪੁੱਜਕੇ ਸਰਕਾਰ ਬਣਨ ਉਪਰੰਤ ਸਾਰੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕਰਨ ਦਾ ਵਾਅਦਾ ਕਰਦੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਪ੍ਰਤੀ ਧਾਰੀ ਚੁੱਪ ਭਵਿੱਖ ਵਿੱਚ ਨਾਸੂਰ ਬਣਕੇ ਸਾਹਮਣੇ ਆਵੇਗੀ। ਉਨ੍ਹਾਂ ਮੁਲਾਜ਼ਮ ਵਰਗ ਨੂੰ ਸੱਦਾ ਦਿੱਤਾ ਕਿ ਉਹ ਪੈਨਸ਼ਨਰ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਸਲਿਆਂ ਦੇ ਹੱਲ ਲਈ ਸਰਕਾਰ ਨੂੰ ਘੇਰਿਆ ਜਾ ਸਕੇ।