ਸੁਨਾਮ : ਸੁਨਾਮ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਚੀਮਾਂ ਮੰਡੀ ਦੀ ਨਗਰ ਪੰਚਾਇਤ ਲਈ ਹੋਣ ਵਾਲੀ ਚੋਣ ਵਿੱਚ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਰੋਸ ਵਜੋਂ ਸ਼ੁੱਕਰਵਾਰ ਨੂੰ ਦੇਰ ਸ਼ਾਮ ਐਸਡੀਐਮ ਸੁਨਾਮ ਦੇ ਦਫਤਰ ਸਾਹਮਣੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅਕਾਲੀ ਆਗੂ ਰਾਜਿੰਦਰ ਦੀਪਾ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੰਡਿਆ। ਚੀਮਾਂ ਮੰਡੀ ਦੇ ਵਾਰਡ ਨੰਬਰ ਚਾਰ ਚੋਂ ਉਮੀਦਵਾਰ ਜਸਪ੍ਰੀਤ ਕੌਰ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਬਾਅਦ ਉਕਤ ਮਹਿਲਾ ਐਸਡੀਐਮ ਦਫ਼ਤਰ ਦੇ ਬਾਹਰ ਰੋਣ ਲੱਗੀ ਅਤੇ ਸਰਕਾਰ ਖ਼ਿਲਾਫ਼ ਰੱਜਕੇ ਭੜਾਸ ਕੱਢੀ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਜਿੰਦਰ ਦੀਪਾ ਨੇ ਕਿਹਾ ਕਿ ਚੀਮਾਂ ਮੰਡੀ ਦੇ ਕ਼ਈ ਵਾਰਡਾਂ ਦੇ ਵਿੱਚੋਂ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਅਜਿਹਾ ਵਰਤਾਰਾ ਸਰਕਾਰ ਦੀ ਨਾਕਾਮੀ ਸਿੱਧ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਮਾੜੀ ਸਰਕਾਰ ਹੈ ਲੋਕਾਂ ਵੱਲੋਂ ਬਦਲਾਅ ਦੇ ਚਲਦੇ ਇਹ ਸਰਕਾਰ ਲਿਆਂਦੀ ਗਈ ਸੀ ਲੇਕਿਨ ਹੁਣ ਲੋਕਾਂ ਨਾਲ ਧੱਕਾ ਹੋ ਰਿਹਾ । ਇਕੱਤਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਚੰਗੇ ਕੰਮ ਕੀਤੇ ਹਨ ਤਾਂ ਨਿਰਪੱਖ ਹੋਕੇ ਚੋਣ ਕਰਵਾਉਣ ਤਾਂ ਜੋ ਨਤੀਜਿਆਂ ਤੋਂ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦਾ ਪਤਾ ਭਵਿੱਖ ਵਿੱਚ ਆਉਣ ਵਾਲੀਆਂ ਚੋਣਾਂ ਵਿਚ ਲੱਗੇਗਾ। ਇਸ ਮੌਕੇ ਜਥੇਦਾਰ ਲੀਲ੍ਹਾ ਸਿੰਘ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਹਾਜ਼ਰ ਸਨ।