ਖਨੌਰੀ : 26 ਨਵੰਬਰ ਤੋਂ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 19ਵੇਂ ਦਿਨ ਵੀ ਖਨੌਰੀ ਬਾਰਡਰ ਵਿਖੇ ਜਾਰੀ ਰਿਹਾ ਅੱਜ ਡਾਕਟਰਾਂ ਵੱਲੋ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਦੀ ਹਾਲਤ ਬਹੁਤ ਚਿੰਤਾਜਨਕ ਹੈ ਅਤੇ ਜਦੋਂ ਉਹ ਬਾਹਰ ਆਪਣੇ ਲੋਕਾਂ ਦੇ ਦਰਸ਼ਨ ਕਰਨ ਲਈ ਪੰਡਾਲ ਵਿੱਚ ਲਿਆਂਦੇ ਗਏ ਤਾਂ ਉਹਨਾ ਦਾ ਬਲੱਡ ਪ੍ਰੈਸ਼ਰ 78/48 ਤੱਕ ਪਹੁੰਚ ਗਿਆ ਸੀ ਜੋ ਕਿ ਬਹੁਤ ਜਿਆਦਾ ਘੱਟ ਸੀ। ਅੱਜ 9 ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਜੀ ਨੇ ਮੀਡੀਆ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਮੇਰੀ ਜਾਨ ਅੰਦੋਲਨ ਨਾਲੋਂ ਵੱਧ ਕੀਮਤੀ ਹੈ ਪਰ ਮੇਰਾ ਮੰਨਣਾ ਹੈ ਕਿ ਉਨ੍ਹਾਂ ਕਿਸਾਨਾਂ ਦੀਆਂ ਜਾਨਾਂ ਮੇਰੇ ਨਾਲੋਂ ਵੀ ਵੱਧ ਕੀਮਤੀ ਹਨ ਜੋ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਪਿੱਛਲੇ 25 ਸਾਲਾਂ ਵਿੱਚ 5 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਕਿਸਾਨ ਭਾਈਚਾਰੇ ਦੇ ਹੱਕ ਲੈਣ ਲਈ ਆਪਣੀ ਸ਼ਹਾਦਤ ਦੇਣ ਲਈ ਤਿਆਰ ਹਨ ਅਤੇ ਜੇਕਰ ਸੁਪਰੀਮ ਕੋਰਟ ਉਨ੍ਹਾਂ ਦੀ ਜ਼ਿੰਦਗੀ ਪ੍ਰਤੀ ਸੱਚਮੁੱਚ ਹੀ ਗੰਭੀਰ ਹੈ ਤਾਂ ਮਾਣਯੋਗ ਸੁਪਰੀਮ ਕੋਰਟ ਨੂੰ ਇਸ ਲਈ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨ ਮੋਰਚੇ ਉੱਪਰ ਹਮਲਾ ਕਰਦੀ ਹੈ ਅਤੇ ਕਿਸੇ ਦੇ ਖੂਨ ਦੀ ਇਕ ਬੂੰਦ ਵੀ ਵਹਾਈ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਹੋਵੇਗੀ। ਅੱਜ ਜਦੋਂ 101 ਕਿਸਾਨਾਂ ਦਾ ਜੱਥਾ ਸ਼ਾਂਤਮਈ ਢੰਗ ਨਾਲ ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਜਾਣ ਲਈ ਨਿਕਲਿਆ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਪਰ ਬਹੁਤ ਜ਼ਬਰਦਸਤ ਹਿੰਸਾ ਕੀਤੀ ਗਈ ਜਿਸ ਵਿੱਚ 15 ਕਿਸਾਨ ਗੰਭੀਰ ਜ਼ਖ਼ਮੀ ਹੋ ਗਏ। ਕਿਸਾਨ ਆਗੂਆਂ ਨੇ ਦੱਸਿਆ ਕਿ 16 ਦਸੰਬਰ ਨੂੰ ਜ਼ਿਲ੍ਹਾ ਤੇ ਤਹਿਸੀਲ ਪੱਧਰ ਤੇ ਕਿਸਾਨਾਂ ਵੱਲੋਂ ਵੱਡੇ-ਵੱਡੇ ਟਰੈਕਟਰ ਮਾਰਚ ਕੀਤੇ ਜਾਣਗੇ ਅਤੇ ਤਾਮਿਲਨਾਡੂ ਵਿੱਚ 15 ਥਾਵਾਂ 'ਤੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ ਅਤੇ ਪੰਜਾਬ ਵਿੱਚ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਪ੍ਰੋਗਰਾਮ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਅਭਿਮਾਨੁ ਕੁਹਾੜ, ਲਖਵਿੰਦਰ ਸਿੰਘ ਔਲਖ, ਕਾਕਾ ਸਿੰਘ ਕੋਟੜਾ, ਗੁਰਦੀਪ ਸਿੰਘ, ਦਲਜੀਤ ਸਿੰਘ ਵਿਰਕ, ਗੁਰਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਭੋਗਰਾਜ, ਸੁਖਜਿੰਦਰ ਸਿੰਘ ਖੋਸਾ, ਇੰਦਰਜੀਤ ਸਿੰਘ ਕੋਟਬੁੱਢਾ, ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਹੋਰ ਵੀ ਕਿਸਾਨ ਆਗੂ ਮੌਜੂਦ ਸਨ।