ਖਨੌਰੀ : ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਅਤੇ ਮੰਨੀਆਂ ਗਈਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ 21ਵੇਂ ਦਿਨ ਵੀ ਖਨੌਰੀ ਬਾਰਡਰ ਉੱਪਰ ਜਾਰੀ ਹੈ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਜਗਜੀਤ ਸਿੰਘ ਡੱਲੇਵਾਲ ਜੀ ਦਾ ਸਰੀਰ ਹੀ ਸਰੀਰ ਨੂੰ ਅੰਦਰੋਂ ਅੰਦਰੋਂ ਖਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਅੱਜ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ ਜੀ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਮਾਣਯੋਗ ਅਮਿਤ ਸ਼ਾਹ ਜੀ ਇੱਕ ਬਹੁਤ ਹੀ ਜਿੰਮੇਵਾਰੀ ਵਾਲੇ ਅਹੁਦੇ ਉੱਪਰ ਬੈਠੇ ਹੋਣ ਦੇ ਬਾਵਜੂਦ ਗੁੰਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਤਕਨੀਕ ਵਧੇਗੀ ਤਾਂ ਸੁਭਾਵਿਕ ਹੀ ਹੈ ਫ਼ਸਲਾਂ ਦੀ ਪੈਦਾਵਾਰ ਵੀ ਵਧੇਗੀ ਅਤੇ ਖ਼ਰੀਦ ਦਾ ਅੰਕੜਾ ਵੀ ਵਧੇਗਾ। ਪਰ ਅਸਲ ਸਵਾਲ ਇਹ ਹੈ ਕਿ ਸਾਰੇ ਕਿਸਾਨਾਂ ਨੂੰ MSP ਮਿਲ ਰਹੀ ਹੈ? ਕਿ MSP ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਧੀ ਹੈ? 2004-2014 ਦੇ ਸਮੇ ਦੌਰਾਨ, ਕਣਕ ਦੀ MSP ਵਿੱਚ 820 ਰੁਪਏ ਦਾ ਵਾਧਾ ਹੋਇਆ, ਜੋ ਕਿ 130% ਦਾ ਵਾਧਾ ਹੈ ਅਤੇ 2014-2024 ਦੀ ਮਿਆਦ ਦੌਰਾਨ, ਇਸ ਵਿੱਚ 825 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ, ਜੋ ਕਿ 56% ਦਾ ਵਾਧਾ ਹੈ। ਦੂਜੇ ਪਾਸੇ, 2014 ਤੋਂ 2023 ਤੱਕ ਮਹਿੰਗਾਈ ਦੀ ਦਰ 56.53% ਵਧੀ ਹੈ, ਇਸ ਲਈ ਮਹਿੰਗਾਈ ਦਰ ਵੱਧ ਵਧੀ ਹੈ ਅਤੇ ਕਣਕ ਦੀ MSP ਘੱਟ ਵਧੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਵੱਲੋਂ ਪਿੱਛਲੇ 4 ਸਾਲਾਂ ਵਿੱਚ ਖੇਤੀਬਾੜੀ ਮੰਤਰਾਲੇ ਨੂੰ ਦਿੱਤੇ ਗਏ ਬਜਟ ਵਿੱਚੋਂ ਖੇਤੀਬਾੜੀ ਮੰਤਰਾਲੇ ਨੇ 1 ਲੱਖ ਕਰੋੜ ਰੁਪਏ ਵਿੱਤ ਮੰਤਰਾਲੇ ਨੂੰ ਵਾਪਸ ਕਰ ਦਿੱਤੇ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ। ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਕਰਨਾਟਕ ਵਿੱਚ ਖਾਸ ਕਰਕੇ ਹਰਿਆਣਾ ਵਿੱਚ ਟਰੈਕਟਰ ਮਾਰਚ ਕੱਢੇ ਗਏ, ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਵਿੱਚ ਹਿੱਸਾ ਲਿਆ। . ਅੱਜ ਤਾਮਿਲਨਾਡੂ ਵਿਖੇ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ 15 ਥਾਵਾਂ ’ਤੇ ਰੇਲਾ ਰੋਕੀਆ ਗਈਆ ਅਤੇ ਦਸੰਬਰ ਨੂੰ ਪੰਜਾਬ 18 ਦਸੰਬਰ ਨੂੰ ਪੰਜਾਬ ਵਿੱਚ ਰੇਲਾ ਰੋਕੀਆ ਜਾਣਗੀਆ। ਇਸੇ ਦੌਰਾਨ ਅੱਜ ਖਨੌਰੀ ਬਾਰਡਰ ਉੱਤੇ ਜਗਜੀਤ ਸਿੰਘ ਡੱਲੇਵਾਲ ਦਾ ਪਤਾ ਲੈਣ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਹੁਲਇੰਦਰ ਸਿੰਘ ਸਿੱਧੂ (ਭੱਠਲ), ਅਭੇ ਚੌਟਾਲਾ, ਮਾਲਵਿੰਦਰ ਸਿੰਘ ਕੰਗ, ਹਰਦਿਆਲ ਸਿੰਘ ਕੰਬੋਜ, ਪੰਜਾਬੀ ਗਾਇਕ ਆਰ ਨੇਤ, ਗੁਲਾਬ ਸਿੱਧੂ, ਕਾਕਾ ਰਣਦੀਪ ਸਿੰਘ ਨਾਭਾ ਪਹੁੰਚੇ।