ਸੁਨਾਮ : ਸੁਨਾਮ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੇ ਤੀਜੇ ਦਿਨ ਵਲੰਟੀਅਰਜ਼ ਨੇ ਨਸ਼ਿਆਂ ਖ਼ਿਲਾਫ਼ ਰੈਲੀ ਕੱਢੀ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ। ਸਕੂਲ ਦੇ ਪ੍ਰਿੰਸੀਪਲ ਪਵਨਜੀਤ ਸਿੰਘ ਹੰਝਰਾ ਅਤੇ ਐਨ ਐਸ ਐਸ ਯੂਨਿਟ ਦੇ ਇੰਚਾਰਜ਼ ਮੈਡਲ ਜਤਿੰਦਰਪਾਲ ਕੌਰ ਨੇ ਕਿਹਾ ਕਿ ਨਸ਼ੇ ਜਿੱਥੇ ਮਨੁੱਖ ਨੂੰ ਸਰੀਰਕ ਤੌਰ ਤੇ ਕਮਜ਼ੋਰ ਕਰਦੇ ਹਨ ਉੱਥੇ ਨਸ਼ਿਆਂ ਵਰਗੀਆਂ ਅਲਾਮਤਾਂ ਇਨਸਾਨ ਨੂੰ ਸਮਾਜ ਵਿੱਚ ਵੀ ਨਿੰਮੋ ਝੂਣਾ ਕਰਦੇ ਹਨ। ਨਸ਼ਾ ਮੁਕਤ ਅਭਿਆਨ ਤਹਿਤ ਕੱਢੀ ਰੈਲੀ ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਤੋਂ ਹੁੰਦੀ ਹੋਈ ਵੱਖ-ਵੱਖ ਬਾਜ਼ਾਰਾਂ, ਗਲੀਆਂ ਵਿੱਚੋਂ ਹੁੰਦੀ ਹੋਈ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਨੇਹਾ ਦਿੰਦੀ ਹੋਈ ਸਕੂਲ ਵਿੱਚ ਸੰਪੰਨ ਹੋਈ। ਵਲੰਟੀਅਰਜ਼ ਵੱਲੋਂ ਵੱਖ ਵੱਖ ਸਲੋਗਨਾਂ ਜਿਵੇਂ ਪੰਜਾਬੀਓ ਜਾਗੋ, ਨਸ਼ਾ ਤਿਆਗੋ, ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦੋ ਇੱਕ ਕਿਤਾਬ, ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ, ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਆਓ ਰਲ ਮਿਲ ਅਭਿਆਨ ਚਲਾਈਏ, ਨਸ਼ਾ ਮੁਕਤ ਪੰਜਾਬ ਬਣਾਈਏ, ਦਾ ਸੁਨੇਹਾ ਦਿੱਤਾ ਗਿਆ। ਜਿਸ ਦਾ ਉਦੇਸ਼ ਇੱਕ ਨਸ਼ਾ ਮੁਕਤ ਸਮਾਜ, ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਹੈ।