ਸੁਨਾਮ : ਰੁਜ਼ਗਾਰ ਲਈ ਵਿਦੇਸ਼ ਗਏ ਸੁਨਾਮ ਦੇ ਪਤੀ ਪਤਨੀ ਜੋੜੇ ਦੀ ਜਾਰਜੀਆ ਵਿੱਚ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਬੁੱਧਵਾਰ ਨੂੰ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਸਿੰਘ ਬਾਜਵਾ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਵੰਡਾਇਆ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੌਰ ਦੀਆਂ ਮ੍ਰਿਤਕ ਦੇਹਾਂ ਸੁਨਾਮ ਲਿਆਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰੀ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਰਜੀਆ ਦੀ ਅੰਬੈਸੀ ਰਾਹੀਂ ਮ੍ਰਿਤਕ ਦੇਹਾਂ ਭਾਰਤ ਲਿਆਉਣ ਲਈ ਸੰਪਰਕ ਕਰ ਲਿਆ ਹੈ ਜਲਦੀ ਹੀ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੌਰ ਦੀਆਂ ਮ੍ਰਿਤਕ ਦੇਹਾਂ ਭਾਰਤ ਲਿਆਂਦੀਆਂ ਜਾਣਗੀਆਂ। ਦੱਸਣਯੋਗ ਹੈ ਕਿ ਲੰਘੇ ਦਿਨ ਜਾਰਜੀਆ ਵਿਖੇ ਵਾਪਰੇ ਦਰਦਨਾਕ ਹਾਦਸੇ ਵਿੱਚ ਸੁਨਾਮ ਦੇ ਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ ਦੀ ਵੀ ਜਾਨ ਚਲੀ ਗਈ ਸੀ। ਇਸੇ ਦੌਰਾਨ ਮ੍ਰਿਤਕ ਰਵਿੰਦਰ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਕੁਲਦੀਪ ਸਿੰਘ ਬਾਵਾ ਕੈਂਚੀ ਨੇ ਦੱਸਿਆ ਕਿ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੌਰ ਦੀ ਮੌਤ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਮ੍ਰਿਤਕ ਦੇਹਾਂ ਭਾਰਤ ਲਿਆਉਣ ਲਈ ਯਤਨਸ਼ੀਲ ਹਨ।