ਸਵਾਰੀਆਂ ਹੋਈਆਂ ਖੱਜਲ ਖੁਆਰ
ਸੁਨਾਮ : ਕਿਸਾਨੀ ਮੰਗਾਂ ਦੀ ਪੂਰਤੀ ਲਈ ਦੇਸ਼ ਦੇ ਦੋ ਵੱਡੇ ਕਿਸਾਨ ਮਜ਼ਦੂਰ ਫੋਰਮਾਂ ਵੱਲੋਂ ਬੁੱਧਵਾਰ ਨੂੰ ਦਿੱਤੇ ਤਿੰਨ ਘੰਟਿਆਂ ਦੇ ਰੇਲ ਰੋਕੋ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵੱਲੋਂ ਸੁਨਾਮ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਅਤੇ ਰਾਜ ਸਿੰਘ ਥੇੜੀ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਰੇਲਵੇ ਟਰੈਕ ਤੇ ਧਰਨਾ ਦੇਕੇ ਕੇਂਦਰ ਵਿਚਲੀ ਨਰਿੰਦਰ ਮੋਦੀ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੇਲ ਟਰੈਕ ਤੇ ਧਰਨਾ ਦਿੱਤੇ ਜਾਣ ਕਾਰਨ ਲੁਧਿਆਣਾ -ਹਿਸਾਰ ਸਵਾਰੀ ਗੱਡੀ 04576 ਨੂੰ ਸੁਨਾਮ ਵਿਖੇ ਰੁਕਣਾ ਪਿਆ ਜਿਸ ਕਾਰਨ ਸਵਾਰੀਆਂ ਨੂੰ ਤਿੰਨ ਘੰਟਿਆਂ ਤੋਂ ਵੀ ਵਧੇਰੇ ਸਮਾਂ ਖੱਜਲ ਖੁਆਰ ਹੋਣਾ ਪਿਆ। ਰੇਲਵੇ ਟਰੈਕ ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਸਾਰੀਆਂ ਫ਼ਸਲਾਂ ਤੇ ਐਮ ਐਸ ਪੀ ਲੈਣ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਾਉਣ ਭਾਰਤ ਸਰਕਾਰ ਨੂੰ ਡਬਲਯੂ ਟੀ ਓ ਤੋਂ ਬਾਹਰ ਆਉਣ, ਮਜ਼ਦੂਰਾਂ ਲਈ ਮਨਰੇਗਾ ਸਾਲ ਵਿੱਚ 200 ਦਿਨ ਕਰਾਉਣ, 60 ਸਾਲ ਦੀ ਉਮਰ ਵਿੱਚ ਪੈਨਸ਼ਨ ਸਕੀਮ ਲਾਗੂ ਕਰਨ, ਭਾਰਤ ਮਾਲਾ ਪ੍ਰਾਜੈਕਟ ਤਹਿਤ ਜ਼ਬਰੀ ਜ਼ਮੀਨਾਂ ਹਥਿਆਉਣੀਆਂ ਬੰਦ ਕਰਨ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਸੁਆਮੀਨਾਥਨ ਫਾਰਮੂਲੇ ਤਹਿਤ ਲੈਣ ਤੇ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਤੋਂ ਇਲਾਵਾ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀ ਹੇਠ ਕੁਚਲਕੇ ਮਾਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਤੋ ਇਲਾਵਾ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਲਾਗੂ ਕਰਾਉਣ ਲਈ 13 ਫ਼ਰਵਰੀ ਤੋਂ ਸ਼ੰਭੂ ਬਾਰਡਰ ,ਖਨੌਰੀ ਤੇ ਰਤਨਪੁਰਾ ਬਾਰਡਰ ਤੇ ਕਿਸਾਨ ਮੋਰਚਿਆਂ ਵਿੱਚ ਡਟੇ ਹੋਏ ਹਨ ਲੇਕਿਨ ਹਰਿਆਣਾ ਤੇ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਤੇ ਨੁਕੀਲੀਆਂ ਕਿੱਲਾਂ ਗੱਡਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨਾਂ ਉੱਤੇ ਸ਼ੰਭੂ ਬਾਰਡਰ ਤੇ ਅੱਥਰੂ ਗੈਸ ਦੇ ਗੋਲੇ, ਗੋਲੀਆਂ ਤੇ ਕੈਮੀਕਲ ਵਾਲੇ ਗੰਦੇ ਪਾਣੀ ਦੀਆ ਬੁਛਾੜਾਂ ਮਾਰਕੇ ਕਿਸਾਨਾਂ ਨੂੰ ਦਿੱਲੀ ਪੈਦਲ ਜਾਣ ਤੋਂ ਰੋਕਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤ ਤੇ ਬੈਠੇ ਹੋਏ ਹਨ ਪਰੰਤੂ ਕੇਂਦਰ ਸਰਕਾਰ ਦਾ ਆਪਣੇ ਕਿਸਾਨਾਂ ਮਜ਼ਦੂਰਾਂ ਵਿਰੋਧੀ ਚਿਹਰਾ ਨੰਗਾ ਹੈ। ਕੇਂਦਰ ਸਰਕਾਰ ਵੱਲੋਂ ਟੇਢੇ ਢੰਗ ਨਾਲ ਜੋ ਖੇਤੀ ਨੀਤੀ ਨਾਲ ਸਬੰਧਤ ਡਰਾਫਟ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ।ਉਹ ਤਿੰਨ ਕਾਲੇ ਕਨੂੰਨਾਂ ਨੂੰ ਟੇਢੇ ਢੰਗ ਨਾਲ ਲਾਗੂ ਕਰਨ ਦੀ ਵਿਉਂਤਬੰਦੀ ਹੈ। ਧਰਨੇ ਨੂੰ ਸੂਬਾ ਔਰਤ ਆਗੂ ਬਲਜੀਤ ਕੌਰ ਕਿਲ੍ਹਾ ਭਰੀਆਂ,ਜ਼ਿਲਾ ਕਾਰਜਕਾਰੀ ਆਗੂ ਹਰਦੇਵ ਸਿੰਘ ਕੁਲਾਰ, ਗੁਰਮੇਲ ਸਿੰਘ ਕੈਂਪਰ, ਬਲਾਕ ਆਗੂ ਬਿੰਦਰ ਦਿੜ੍ਹਬਾ, ਸੁਖਦੇਵ ਸਿੰਘ ਕਿਲ੍ਹਾ ਭਰੀਆਂ, ਮੁਖਤਿਆਰ ਸਿੰਘ ਖੁਰਾਣਾ, ਕੁਲਵਿੰਦਰ ਪੇਧਨੀ, ਜਗਤਾਰ ਸਿੰਘ ਜ਼ਿਲਾ ਆਗੂ ਬੀ ਕੇ ਯੂ ਧਨੇਰ, ਸ਼ਿੰਦਰ ਬਡਰੁੱਖਾਂ, ਬਲਵਿੰਦਰ ਲੱਖੇਵਾਲ, ਬਲਜਿੰਦਰ ਲੌਂਗੋਵਾਲ, ਕਰਨੈਲ ਸਿੰਘ ਆਦਿ ਹਾਜ਼ਰ ਸਨ।