ਸੁਨਾਮ : ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਖ਼ਿਲਾਫ਼ ਕੀਤੀਆਂ ਅਸਹਿਣਯੋਗ ਟਿੱਪਣੀਆਂ ਤੋਂ ਭੜਕੇ ਅੰਬੇਡਕਰ ਸਭਾ ਦੇ ਮੈਂਬਰਾਂ ਨੇ ਹਰਜਸ ਸਿੰਘ ਖਡਿਆਲ ਦੀ ਅਗਵਾਈ ਹੇਠ ਸੁਨਾਮ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਅਰਥੀ ਫੂਕਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਅੰਬੇਡਕਰ ਸਭਾ ਦੇ ਸੂਬਾ ਊ ਪ੍ਰਧਾਨ ਹਰਜਸ ਸਿੰਘ ਖਡਿਆਲ, ਕਰਨੈਲ ਸਿੰਘ ਨੀਲੋਵਾਲ, ,ਬਲਵਿੰਦਰ ਸਿੰਘ ਜ਼ਿਲ੍ਹੇਦਾਰ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਸ਼ਾਨ ਖਿਲਾਫ ਕੀਤੀਆਂ ਗਈਆਂ ਬੇਹੂਦਾ ਟਿੱਪਣੀਆਂ ਕਾਰਨ ਮੁਲਕ ਭਰ ਦੇ ਦਲਿਤ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ। ਉਨਾਂ ਅਮਿਤ ਸ਼ਾਹ ਨੂੰ ਕੇਂਦਰੀ ਮੰਤਰੀ ਮੰਡਲ 'ਚੋਂ ਕੱਢਣ ਦੀ ਮੰਗ ਕਰਦਿਆਂ ਕਿਹਾ ਕਿ ਭਾਜਪਾ ਆਗੂ ਮੁਲਕ ਦੇ ਕਰੋੜਾਂ ਦੱਬੇ ਕੁਚਲੇ ਅਨੁਸੂਚਿਤ ਜਾਤੀ ਘੱਟ ਗਿਣਤੀ ਲੋਕਾਂ ਖਿਲਾਫ ਨਫਰਤ ਪੈਦਾ ਕਰਕੇ ਭਾਰਤ ਨੂੰ ਸਿਰਫ ਭਗਵੇਂ ਰੰਗ ਵਿਚ ਰੰਗਣ ਕੋਸਿਸ਼ ਕਰ ਰਹੇ ਹਨ। ਜਿਸ ਨੂੰ ਦੇਸ ਦੇ ਲੋਕ ਕਦੇ ਵੀ ਬਰਦਾਸ਼ਤ ਨਹੀ ਕਰਨਗੇ।ਇਸ ਮੌਕੇ ,ਸਿਸ਼ਨ ਦਾਸ,ਕੈਪਟਨ ਹਰਭਜਨ ਸਿੰਘ, ਦੇਸ ਰਾਜ, ਹਰੀ ਸਿੰਘ,ਅਵਤਾਰ ਸਿੰਘ ਤਾਰੀ ਅਤੇ ਗੁਰਚਰਨ ਸਿੰਘ ਆਦਿ ਮੌਜੂਦ ਸਨ।