ਰਾਮਪੁਰਾ ਫੂਲ : ਨਗਰ ਕੌਂਸਲ ਰਾਮਪੁਰਾ ਫੂਲ ਦੀ ਪ੍ਰਧਾਨਗੀ ਦੀ ਕੁਰਸੀ ਤੇ ਕਾਬਜ਼ ਕੌਣ ਹੋਵੇਗਾ,ਇਸ ਸਵਾਲ ਦਾ ਜਵਾਬ ਭਾਵੇਂ ਸਮਾਂ ਅਤੇ ਮਹੌਲ ਤੈਅ ਕਰੇਗਾ ਲੇਕਿਨ 21ਮੈੰਬਰੀ ਕੌਂਸਲ ਵਿੱਚ 9 ਕੌਂਸਲਰ ਹੋਣ ਦੇ ਬਾਵਜੂਦ ਪ੍ਰਧਾਨਗੀ ਦੀ ਕੁਰਸੀ 'ਝਾੜੂ' ਦੀ ਪਕੜ ਵਿਚ ਆਉਣੀ ਯਕੀਨੀ ਮੰਨੀ ਜਾ ਰਹੀ ਹੈ। ਹਲਕਾ ਵਿਧਾਇਕ ਦੀ ਇੱਕ ਵੋਟ ਜੋੜਕੇ ਇਹ ਗਿਣਤੀ 10 ਬਣੇਗੀ। ਦੂਜੇ ਪਾਸੇ ਆਜ਼ਾਦ ਕੌਂਸਲਰ 11 ਹਨ। ਬਹੁਮੱਤ ਲਈ ਸੱਤ੍ਹਾਧਿਰ ਨੂੰ 2 ਹੋਰ ਕੌਂਸਲਰਾਂ ਦੀ ਜ਼ਰੂਰਤ ਹੈ। ਇਹਨਾਂ ਹਾਲਾਤਾਂ ਵਿੱਚ ਆਜ਼ਾਦ ਉਮੀਦਵਾਰਾਂ ਦੀਆਂ 'ਪੌਂ ਬਾਰਾਂ' ਹੋ ਸਕਦੀਆਂ ਹਨ। ਸਹਿਰ ਦੇ ਜਿੰਨਾਂ ਵਾਰਡਾਂ ਦੀ ਚੋਣ ਦੀ ਚਰਚਾ ਅੱਜ ਵੀ ਹੋ ਰਹੀ ਹੈ ਉਹਨਾਂ ਵਿੱਚ ਵਾਰਡ ਨੰਬਰ 10 ਖਾਸ ਕਰ ਆਉਂਦਾ ਹੈ। ਇੱਥੋਂ ਆਜ਼ਾਦ ਉਮੀਦਵਾਰ ਅੰਕੁਸ਼ ਕੁਮਾਰ ਅੰਕੂ ਆਜ਼ਾਦ ਉਮੀਦਵਾਰ ਸੁਰੇਸ਼ ਕੁਮਾਰ ਬਾਹੀਆ ਨਾਲ ਫਸਵੇਂ ਮੁਕਾਬਲੇ (576ਵੋਟਾਂ) ਦਰਮਿਆਨ 622 ਵੋਟਾਂ ਲੈਕੇ ਬਾਜ਼ੀ ਮਾਰ ਗਏ;। ਵਾਰਡ 12 ਦੇ ਫਸਵੇਂ ਮੁਕਾਬਲੇ ਵਿਚ ਆਜ਼ਾਦ ਉਮੀਦਵਾਰ ਸੁਰਜੀਤ ਸਿੰਘ, ਇੰਦਰਜੀਤ ਬਾਵਾ ('ਆਪ') ਦੀਆਂ 431 ਵੋਟਾਂ ਮੁਕਾਬਲੇ 487 ਵੋਟਾਂ ਲੈਕੇ ਜੇਤੂ ਰਹੇ ਅੰਤਰ ਮਹਿਜ਼ 56 ਵੋਟ ਰਹੇ। 14 ਨੰਬਰ ਵਾਰਡ ਦਾ ਮੁਕਾਬਲਾ ਵੀ ਦਿਲਚਸਪ ਬਣਿਆ ਇੱਥੋਂ ਆਜ਼ਾਦ ਉਮੀਦਵਾਰ ਹੈਪੀ ਬਾਂਸਲ ਦੂਜੇ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਦੀਆਂ 407 ਵੋਟਾਂ ਦੇ ਮੁਕਾਬਲੇ 850 ਵੋਟਾਂ ਲੈਕੇ ਵੱਡੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 15 ਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਿਰਨਦੀਪ ਕੌਰ ਬਰਾੜ ਨੇ ਆਜ਼ਾਦ ਉਮੀਦਵਾਰ ਬਲਵਿੰਦਰ ਕੌਰ ਦੀਆਂ 405 ਵੋਟਾਂ ਦੇ ਮੁਕਾਬਲੇ 899 ਵੋਟਾਂ(494 ਵੱਧ) ਲੈਕੇ ਰਿਕਾਰਡ ਜਿੱਤ ਹਾਸਲ ਕੀਤੀ। ਵਾਰਡ ਨੰਬਰ 13ਚੋਂ 'ਆਪ' ਦੀ ਹੀ ਰਵਿੰਦਰ ਕੌਰ ਉਰਫ ਰੂਬੀ ਢਿੱਲੋਂ ਆਜ਼ਾਦ ਉਮੀਦਵਾਰ ਸੋਨਾਲੀ ਤੋਂ 157 ਵੋਟਾਂ ਵੱਧ ਲੈਕੇ ਜੇਤੂ ਅਤੇ ਵਾਰਡ ਨੰਬਰ 2 ਵਿੱਚੋਂ ਹਰਪ੍ਰੀਤ ਸਿੰਘ (ਮਿੱਟੀ ਫੂਲ) ਦੇ ਪਿਤਾ ਕਰਨੈਲ ਸਿੰਘ ਮਾਨ ਨੇ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਕੇ ਪਰਚਮ ਲਹਿਰਾਉਂਦਿਆਂ ਆਮ ਆਦਮੀ ਪਾਰਟੀ ਚ ਜ਼ੋਰਦਾਰ ਪਹਿਚਾਣ ਬਣਾਉਣ ਚ ਸਫਲ ਰਹੇ ਹਨ, ਭਾਵੇਂ ਕਿ ਉਹਨਾਂ ਦੇ ਪਤੀ ਦਾ ਪਿਛੋਕੜ ਕਾਂਗਰਸੀ ਹੈ। ਸੂਤਰ ਦਸਦੇ ਹਨ ਕਿ ਪ੍ਰਧਾਨਗੀ ਲਈ ਸ੍ਰੀਮਤੀ ਬਰਾੜ ਅਤੇ ਰੂਬੀ ਢਿੱਲੋਂ ਹੀ ਪ੍ਰਮੁੱਖ ਕੌਂਸਲਰ ਵਜੋਂ ਸਾਹਮਣੇ ਆ ਰਹੇ ਹਨ। ਸ਼੍ਰੀਮਤੀ ਬਰਾੜ ਦੇ ਹੱਕ ਵਿੱਚ ਜ਼ਿਆਦਾ ਗੱਲ ਇਹ ਜਾ ਰਹੀ ਹੈ ਕਿ ਉਹਨਾਂ ਦੇ ਪਤੀ ਰੌਬੀ ਬਰਾੜ ਸੱਤ੍ਹਾ ਧਿਰ ਅਤੇ ਹਲਕਾ ਵਿਧਾਇਕ ਬਲਕਾਰ ਸਿੱਧੂ ਦੇ ਖਾਸ ਨੇੜਲੇ 'ਭਮੱਕੜ' ਹਨ; ਜਿਸਨੂੰ 'ਸ਼ੰਮਾਂ' ਤੇ ਫ਼ਿਦਾ (ਕੁਰਬਾਨ) ਹੋਣ ਵਾਲੇ 'ਪਰਵਾਨੇ' (ਪਤੰਗੇ) ਵਜੋਂ ਮਾਨਤਾ ਦੇ ਕੇ ਰਾਮਪੁਰਾ ਫੂਲ ਵਿਧਾਨ ਸਭਾ ਦਾ ਇਤਿਹਾਸ ਆਪਣੇ ਅੰਦਰ ਸਮੋਈ ਬੈਠਾ ਹੈ। ਜਿਸਤੋਂ ਜਾਣੂੰ ਵਿਧਾਇਕ ਸ੍ਰੀ ਸਿੱਧੂ ਵੀ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਕੀ ਰੁਖ਼ ਅਖ਼ਤਿਆਰ ਕਰਦੇ ਹਨ