ਸੁਨਾਮ : ਕਿਸਾਨੀ ਮੰਗਾਂ ਨੂੰ ਲੈਕੇ ਕਿਸਾਨ ਮਜ਼ਦੂਰ ਯੂਨੀਅਨ ਦੇ ਦੋਵੇਂ ਫੋਰਮਾ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੁਨਾਮ ਵੱਲੋਂ ਸੋਮਵਾਰ ਨੂੰ ਪਿੰਡ ਉਗਰਾਹਾਂ ਵਿਖੇ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਆਉਣ ਵਾਲੇ ਸੰਘਰਸ਼ਾਂ ਲਈ ਵਧਵੀ ਮੀਟਿੰਗ ਕਰਕੇ ਲਾਮਬੰਦੀ ਸ਼ੁਰੂ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਚਾਰ ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਹਰਿਆਣਾ ਅਤੇ ਪੰਜਾਬ ਦੀ ਮਹਾਂ ਪੰਚਾਇਤ ਟੋਹਾਨਾ ਵਿੱਚ ਕੀਤੀ ਜਾ ਰਹੀ ਮਹਾਂ ਪੰਚਾਇਤ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਦਾ ਭੁਲੇਖਾ ਖਤਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈਕੇ ਮੁਲਕ ਦੇ ਕਿਸਾਨ ਇੱਕਜੁੱਟ ਹਨ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਭੇਜਿਆ ਖੇਤੀ ਨੀਤੀ ਦਾ ਖਰੜਾ ਕਿਸਾਨੀ ਨੂੰ ਤਬਾਹ ਕਰਨ ਵਾਲਾ ਹੈ ਇਸਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੁਕਵੇਂ ਢੰਗ ਨਾਲ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰਨ ਲਈ ਹਰਬੇ ਵਰਤ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਪ੍ਰਾਈਵੇਟ ਮੰਡੀਆਂ ਵਿੱਚ ਜਿਣਸਾਂ ਖ਼ਰੀਦਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ ਇਸ ਨਾਲ ਜਨਤਕ ਖੇਤਰ ਦੀਆਂ ਮੰਡੀਆਂ ਖ਼ਤਮ ਹੋ ਜਾਣਗੀਆਂ। ਜਥੇਬੰਦੀ ਦੇ ਬਲਾਕ ਆਗੂ ਸੁਖਪਾਲ ਸਿੰਘ ਮਾਣਕ ਨੇ ਦੱਸਿਆ ਕਿ ਚਾਰ ਜਨਵਰੀ ਨੂੰ ਹੋ ਰਹੀ ਮਹਾਂ ਪੰਚਾਇਤ ਵਿੱਚ ਸੁਨਾਮ ਬਲਾਕ ਵਿੱਚੋਂ ਲੱਗਭਗ 40 ਬੱਸਾਂ ਰਾਹੀਂ ਕਿਸਾਨ ਅਤੇ ਬੀਬੀਆਂ ਸ਼ਾਮਿਲ ਹੋਣਗੀਆਂ। ਉਨ੍ਹਾਂ ਕਿਹਾ ਕਿ 9 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਗਾ ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਵਿੱਚ ਵੀ ਵੱਡੇ ਕਾਫਲੇ ਸੁਨਾਮ ਬਲਾਕ ਵੱਲੋਂ ਸ਼ਾਮਲ ਹੋਣਗੇ। ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ, ਮਨੀ ਸਿੰਘ ਭੈਣੀ, ਪਾਲ ਸਿੰਘ ਦੌਲੇਵਾਲਾ, ਯਾਦਵਿੰਦਰ ਸਿੰਘ ਚੱਠਾ, ਗੋਬਿੰਦ ਸਿੰਘ ਚੱਠਾ, ਜੀਤ ਸਿੰਘ ਗੰਢੂਆਂ, ਇੰਦਰਜੀਤ ਸਿੰਘ ਉਗਰਾਹਾਂ, ਜਸਵੀਰ ਕੌਰ ਉਗਰਾਹਾਂ, ਰਣਦੀਪ ਕੌਰ ਰਟੋਲਾਂ, ਬਲਜੀਤ ਕੌਰ ਖਡਿਆਲ, ਚਰਨਜੀਤ ਕੌਰ ਜਖੇਪਲ, ਸੁਖਵਿੰਦਰ ਕੌਰ ਚੱਠਾ ਆਦਿ ਹਾਜ਼ਰ ਸਨ।