ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਉਂਦਿਆਂ ਮਿਡ ਡੇ ਮੀਲ ਵਰਕਰਾਂ ਨੇ ਲਾਲ ਝੰਡਾ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਜਸਮੇਲ ਕੌਰ ਬੀਰਕਲਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੀ.ਟੀ.ਯੂ. ਦੇ ਸੂਬਾ ਪ੍ਰਧਾਨ ਦੇਵ ਰਾਜ ਵਰਮਾਂ, ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਿੱਡ ਡੇ ਮੀਲ ਵਰਕਰਾਂ ਨਾਲ ਚੋਣਾ ਸਮੇ ਕੀਤੇ ਵਾਅਦਿਆ ਤੋਂ ਭੱਜ ਰਹੀ ਹੈ। ਨਿਗੁਣੇ ਜਿਹੇ ਮਾਣ ਭੱਤਿਆ 'ਤੇ ਕੰਮ ਕਰ ਰਹੇ ਇਹਨਾਂ ਵਰਕਰਾਂ ਦੇ ਆਪਣੇ ਘਰਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਹਨ। ਇਹਨਾਂ ਵਰਕਰਾਂ ਨੂੰ ਕੋਈ ਮੈਡੀਕਲ ਸਹੂਲਤ ਨਹੀ, ਨਾ ਹੀ ਉਮਰ ਦਾ ਬੁਢੇਪਾ ਕੱਟਣ ਲਈ ਮਹਿਕਮੇ ਤੋਂ ਕੋਈ ਪੈਨਸ਼ਨ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਆਗੂਆ ਨੇ ਕੈਬਨਿਟ ਮੰਤਰੀ ਦੇ ਦਫਤਰ ਵਿੱਚ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਮਿੱਡ ਡੇ ਮੀਲ ਵਰਕਰਾਂ ਲਈ ਲੇਬਰ ਐਕਟ ਲਾਗੂ ਕਰਕੇ ਘੱਟੋ ਘੱਟ ਉਜਰਤ 12 ਹਜਾਰ ਪ੍ਰਤੀ ਮਹੀਨਾ ਦੇਣਾ ਯਕੀਨੀ ਬਣਾਵੇ। ਇਸ ਮੌਕੇ ਧਰਨਾਕਾਰੀਆ ਨੂੰ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਵੱਲੋਂ ਵਿਸਵਾਸ ਦਿਵਾਇਆ ਗਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਤੱਕ ਉਨ੍ਹਾ ਦੀ ਗੱਲ ਪੁੱਜਦੀ ਕਰਕੇ ਪੰਜਾਬ ਦੇ ਕਿਰਤ ਸਕੱਤਰ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਨਿਰਮਲਾ ਕੌਰ ਸੁਨਾਮ,ਨਸੀਬ ਕੌਰ ਪੰਜਗਰਾਈਆਂ ਆਦਿ ਆਗੂ ਮੌਜੂਦ ਸਨ।