ਸੁਨਾਮ : ਸੁਨਾਮ ਸ਼ਹਿਰ ਦੀ ਗੀਤਾ ਭਵਨ ਰੋਡ ਤੇ ਸਥਿਤ ਦਲਿਤ ਵਸੋਂ ਵਾਲੇ ਇਲਾਕੇ ਨੇੜੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਭੜਕੇ ਲੋਕਾਂ ਨੇ ਧਰਨਾ ਲਗਾ ਕੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਉਕਤ ਸਮੱਸਿਆ ਨੂੰ ਲੈਕੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਮੰਗਲਵਾਰ ਨੂੰ ਸੁਨਾਮ ਵਿਖੇ ਲਾਏ ਧਰਨੇ ਵਿੱਚ ਸ਼ਾਮਲ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਮਹੱਲੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਹੱਲੇ ਵਿੱਚ ਪੀਣ ਵਾਲੇ ਪਾਣੀ ਲਈ ਪਾਈ ਵਾਟਰ ਸਪਲਾਈ ਦੀ ਪਾਈਪ ਵੀ ਨਾਲੀ ਵਿੱਚੋਂ ਹੋਕੇ ਆਉਂਦੀ ਹੈ ਜਿਸ ਨਾਲ ਪੀਣ ਵਾਲਾ ਪਾਣੀ ਵੀ ਗੰਦਾ ਹੁੰਦਾ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਅਤੇ ਸਬੰਧਿਤ ਕੌਂਸਲਰ ਨੂੰ ਕਈ ਵਾਰ ਮੁਸ਼ਕਿਲ ਤੋਂ ਜਾਣੂੰ ਕਰਵਾਇਆ ਗਿਆ ਹੈ ਪਰੰਤੂ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੌਂਸਲਰ ਵੱਲੋਂ ਵਿਸ਼ਵਾਸ ਦਵਾਇਆ ਗਿਆ ਸੀ ਕਿ ਅੱਜ ਤੱਕ ਕੰਮ ਚਾਲੂ ਹੋ ਜਾਵੇਗਾ ਪਰੰਤੂ ਅੱਜ ਸਾਰਾ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਕੰਮ ਸ਼ੁਰੂ ਨਾ ਹੋਇਆ ਤਾਂ ਉਨ੍ਹਾਂ ਨੂੰ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਿਆ ਹੈ ਜਦੋਂ ਤੱਕ ਇੱਥੇ ਕੰਮ ਨਹੀਂ ਚਲਾਇਆ ਜਾਂਦਾ ਉਦੋਂ ਤੱਕ ਧਰਨਾ ਲਾ ਕੇ ਰੋਡ ਜਾਮ ਕੀਤਾ ਜਾਵੇਗਾ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਇਸੇ ਦੌਰਾਨ ਮੌਕੇ ਤੇ ਪੁੱਜੇ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਮੇਜ਼ਰ ਸਿੰਘ ਨੇ ਮਹੱਲਾ ਨਿਵਾਸੀਆਂ ਨੂੰ ਇਕ ਦੋ ਦਿਨ ਵਿੱਚ ਕੰਮ ਕਰਵਾਉਣ ਦਾ ਭਰੋਸਾ ਦਿੱਤਾ ਲੇਕਿਨ ਮੁਹੱਲਾ ਨਿਵਾਸੀਆਂ ਨੇ ਤੁਰੰਤ ਸਮਾਨ ਭੇਜਣ ਦੀ ਸ਼ਰਤ ਰੱਖੀ ਅਤੇ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।