ਸੁਨਾਮ : ਜਿਣਸਾਂ ਤੇ ਐਮ ਐਸ ਪੀ ਗਾਰੰਟੀ ਕਾਨੂੰਨ ਸਮੇਤ ਹੋਰਨਾਂ ਕਿਸਾਨੀ ਮੰਗਾਂ ਦੀ ਪੂਰਤੀ ਅਤੇ ਕੇਂਦਰ ਸਰਕਾਰ ਦੀ ਵਾਅਦਾ ਖ਼ਿਲਾਫੀ ਦੇ ਵਿਰੋਧ ਚ ਖਨੌਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ 16 ਕਿਸਾਨ ਮਰਨ ਵਰਤ ਤੇ ਬੈਠੇ ਹਨ। ਰਣ ਸਿੰਘ ਚੱਠਾ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਕਿਸਾਨੀ ਮੰਗਾਂ ਪੂਰੀਆਂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਨਹੀਂ ਫਿਰ ਉਨ੍ਹਾਂ ਦੀਆਂ ਲਾਸ਼ਾਂ ਹੀ ਘਰਾਂ ਵਿੱਚ ਆਉਣਗੀਆਂ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕਿਸਾਨਾਂ ਦੀ ਮੰਦੀ ਹਾਲਤ ਲਈ ਕੇਂਦਰ ਤੇ ਸੂਬਾ ਸਰਕਾਰ ਜਿੰਮੇਵਾਰ ਹਨ ਇਸ ਕਰਕੇ ਕਿਸਾਨ ਵਰਗ ਸੜਕਾਂ ਤੇ ਧੱਕੇ ਖਾ ਰਿਹਾ ਹੈ। ਕਿਸਾਨ ਆਗੂ ਚੱਠਾ ਨੇ ਕਿਹਾ ਕਿ 13 ਫਰਵਰੀ ਤੋਂ ਖਨੌਰੀ ਤੇ ਪੱਕਾ ਮੋਰਚਾ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਸੂਬਾ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਤੋਂ ਸ਼ੁਰੂ ਕੀਤੇ ਮਰਨ ਵਰਤ ਦੀ ਹਮਾਇਤ ਕਰਦੇ ਹੋਏ 111 ਕਿਸਾਨਾਂ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ। ਸੰਗਰੂਰ ਜ਼ਿਲ੍ਹੇ ਦੇ 16 ਕਿਸਾਨ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਮਰਨ ਵਰਤ ਤੇ ਬੈਠੇ ਹਨ। ਕਿਸਾਨ ਆਗੂ ਚੱਠਾ ਨੇ ਕਿਹਾ ਕਿ ਜੇਕਰ ਕੇਂਦਰ ਸਾਡੀਆਂ ਮੰਗਾਂ ਲਾਗੂ ਨਹੀਂ ਕਰਦੀ ਤਾਂ ਘਰਾਂ ਨੂੰ ਸਾਡੀਆਂ ਲਾਸ਼ਾਂ ਹੀ ਜਾਣਗੀਆਂ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਆਗੂ ਚੌਥੇ ਦਿਨ ਮਰਨ ਵਰਤ ਤੇ ਡਟੇ ਹੋਏ ਸਨ।