ਸੁਨਾਮ : ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮੇਜ਼ਰ ਧਿਆਨ ਚੰਦ ਦੇ ਵਿਸ਼ਵ ਜੇਤੂ ਪੁੱਤਰ ਅਸ਼ੋਕ ਧਿਆਨ ਚੰਦ ਵੱਲੋਂ ਸੁਨਾਮ ਦੇ ਜੰਮਪਲ ਅਤੇ ਖੇਡ ਲੇਖਕ ਮਨਦੀਪ ਸਿੰਘ ਸੁਨਾਮ ਵੱਲੋਂ ਲਿਖੀ ਨਵੀਂ ਕਿਤਾਬ "ਭਾਰਤੀ ਹਾਕੀ ਦਾ ਚੰਦਰਮਾ ਮੇਜਰ ਧਿਆਨ ਚੰਦ" ਲੋਕ ਅਰਪਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਮਵਰ ਮੁੱਕੇਬਾਜ਼ ਅਤੇ ਖੇਡ ਲੇਖਕ ਮਨਦੀਪ ਸਿੰਘ ਸੁਨਾਮ ਨੇ ਦੱਸਿਆ ਕਿ ਕੈਪਟਨ ਐਮ ਪੀ ਸਿੰਘ ਸਪੋਰਟਸ ਟਰੱਸਟ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਓਲੰਪੀਅਨ/ ਅਰਜੁਨਾ ਐਵਾਰਡੀ ਅਸ਼ੋਕ ਧਿਆਨ ਚੰਦ ਵੱਲੋਂ ਆਪਣੇ ਪਿਤਾ ਦੀ ਲਾਮਿਸਾਲ ਜੀਵਨ ਗਾਥਾ ਬਾਰੇ ਲਿਖੀ ਇਸ ਕਿਤਾਬ ਦੀ ਘੁੰਢ ਚੁਕਾਈ ਮੌਕੇ ਧਿਆਨ ਚੰਦ ਜੀ ਨਾਲ ਜੁੜੀਆਂ ਉਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਜੋ ਕੁੱਲ ਦੁਨੀਆਂ ਅੰਦਰ ਮਿਸਾਲ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਿਤਾਬਾਂ ਲਿਖਣ ਦਾ ਅਸਲ ਮਕਸਦ ਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਖੇਡਾਂ ਵੱਲ ਧਿਆਨ ਕੇਂਦਰਿਤ ਕਰੇਗੀ ਤਾਂ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹੇਗੀ। ਇਸ ਮੌਕੇ ਅਰਜੁਨਾ ਐਵਾਰਡੀ ਲਾਈਫਟਾਈਮ ਸ੍ਰ ਸੁੱਚਾ ਸਿੰਘ ਜੀ ਤੋਂ ਇਲਾਵਾ ਕੈਪਟਨ ਐਮ.ਪੀ ਸਿੰਘ ਏਸ਼ੀਅਨ ਗੇਮਸ ਮੈਡਲਿਸਟ ( ਮੁੱਕੇਬਾਜ਼ੀ ) ਵੀ ਮੌਜੂਦ ਰਹੇ। ਉਨ੍ਹਾਂ ਟਰਸੱਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। ਇਸ ਮੌਕੇ ਵੱਖ ਵੱਖ ਖੇਡ ਕੋਚਾਂ ਤੋਂ ਇਲਾਵਾ ਦ੍ਰੋਣਾਚਾਰੀਆ ਐਵਾਰਡੀ ( ਮੁੱਕੇਬਾਜ਼ੀ ) ਐਸ ਆਰ ਸਿੰਘ, ਫਿਲਮ ਡਾਇਰੈਕਟਰ ਨਸੀਬ ਰੰਧਾਵਾ ਵੀ ਹਾਜ਼ਰ ਰਹੇ। ਖੇਡ ਲੇਖਕ ਮਨਦੀਪ ਸਿੰਘ ਸੁਨਾਮ ਨੇ ਮੁੜ ਦੁਹਰਾਇਆ ਕਿ ਭਾਰਤ ਦੇ ਮਹਾਨ ਸਪੂਤ ਹਾਕੀ ਦੇ ਜਾਦੂਗਰ ਦੀ ਜੀਵਨ ਗਾਥਾ ਨੂੰ ਬਿਆਨਦੀ ਇਹ ਕਿਤਾਬ ਵਿਦਿਆਰਥੀ, ਸਰੀਰਕ ਸਿੱਖਿਆ ਅਧਿਆਪਕ ਅਤੇ ਖੇਡ ਪ੍ਰੇਮੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗੀ।