ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪੈਂਦੀ ਭਾਖੜਾ ਮੇਨ ਲਾਈਨ ਦੀ ਪਟੜੀ 'ਤੇ ਕੋਈ ਵੀ ਅਣ-ਅਧਿਕਾਰਤ ਵਾਹਨ ਨਾ ਚਲਾਇਆ ਜਾਵੇ ਅਤੇ ਨਾ ਹੀ ਕਿਸੇ ਵਿਅਕਤੀ ਵੱਲੋਂ ਇਸ ਨਹਿਰ ਵਿੱਚ ਤੈਰਾਕੀ ਕੀਤੀ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਮਨਾਹੀ ਹੁਕਮਾਂ ਵਿੱਚ ਕਿਹਾ ਗਿਆ ਹੈ ਜ਼ਿਲ੍ਹੇ ਅੰਦਰ ਪੈਂਦੀ ਭਾਖੜਾ ਮੇਨ ਲਾਈਨ ਕੈਨਾਲ ਉਪਰ ਰਿਪੇਅਰ ਲਈ ਬਣੀ ਪਟੜੀ ਉਪਰ ਲੋਕ ਗਾਹੇ ਬਗਾਹੇ ਆਪਣੇ ਵਾਹਨਾਂ ਸਮੇਤ ਚੜ੍ਹ ਜਾਂਦੇ ਹਨ ਅਤੇ ਕਈ ਵਾਰ ਇਸ ਨਹਿਰ ਵਿੱਚ ਤੈਰਦੇ ਵੀ ਪਾਏ ਜਾਂਦੇ ਹਨ। ਇਸ ਕੈਨਾਲ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੁੰਦਾ ਹੈ, ਇਸ ਲਈ ਅਜਿਹੇ ਲੋਕਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ ਅਤੇ ਦੁਰਘਟਨਾ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਜਾਰੀ ਕੀਤੇ ਇਹ ਮਨਾਹੀਂ ਦੇ ਹੁਕਮ ਜ਼ਿਲ੍ਹੇ ਅੰਦਰ 13 ਅਪ੍ਰੈਲ, 2025 ਤੱਕ ਲਾਗੂ ਰਹਿਣਗੇ।