ਬਰਨਾਲਾ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਅਗਵਾਈ ‘ਚ ਜਾਰੀ ਸਰਕਾਰੀ ਸਕੂਲਾਂ ਦੇ ਨਵੇਂ ਦਾਖਲਾ ਅੰਕੜਿਆਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ 5 ਸਰਕਾਰੀ ਸਕੂਲ ਸੂਬੇ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ 180 ਸਕੂਲਾਂ ‘ਚ ਸ਼ਾਮਲ ਹੋ ਗਏ ਹਨ।
ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਆਬਾਦੀ ਅਤੇ ਆਕਾਰ ਪੱਖੋਂ ਛੋਟੇ ਜ਼ਿਲ੍ਹਿਆਂ ‘ਚ ਸ਼ੁਮਾਰ ਹੋਣ ਦੇ ਬਾਵਜੂਦ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਰੁਝਾਨ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ‘ਚ ਤਾਂ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੀ ਉੱਪਰ ਚਲੀ ਗਈ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਧੂ ਪੱਤੀ 1424 ਵਿਦਿਆਰਥੀਆਂ ਦੀ ਗਿਣਤੀ ਨਾਲ ਜਿਲ੍ਹੇ ਦਾ ਸਭ ਤੋਂ ਜ਼ਿਆਦਾ ਵਿਦਿਆਰਥੀ ਗਿਣਤੀ ਵਾਲਾ ਸਕੂਲ ਬਣ ਗਿਆ ਹੈ। ਇਸ ਸਕੂਲ ਵਿੱਚ ਹੁਣ ਤੱਕ 391 ਨਵੇਂ ਵਿਦਿਆਰਥੀਆਂ ਵੱਲੋਂ ਦਾਖਲਾ ਲਿਆ ਜਾ ਚੁੱਕਿਆ ਹੈ ਅਤੇ ਦਾਖਲਿਆਂ ਦਾ ਰੁਝਾਨ ਲਗਾਤਾਰ ਜਾਰੀ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਦੌੜ ‘ਚ 111 ਵਿਦਿਆਰਥਣਾਂ ਦੇ ਨਵੇਂ ਦਾਖਲਿਆਂ ਨਾਲ ਗਿਣਤੀ 1217 ਹੋ ਗਈ ਹੈ। ਇਸ ਸਕੂਲ ਵਿੱਚ ਵੀ ਵਿਦਿਆਰਥਣਾਂ ਦੇ ਨਵੇਂ ਦਾਖਲਿਆਂ ਦਾ ਆਲਮ ਜਾਰੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਮੁੰਡੇ) ਤਪਾ ‘ਚ 178 ਵਿਦਿਆਰਥੀਆਂ ਦੇ ਨਵੇਂ ਦਾਖਲਿਆਂ ਨਾਲ ਵਿਦਿਆਰਥੀਆਂ ਦੀ ਗਿਣਤੀ 1149 ਹੋ ਚੁੱਕੀ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਰਨਾਲਾ ‘ਚ 192 ਨਵੀਆਂ ਵਿਦਿਆਰਥਣਾਂ ਦੇ ਦਾਖਲਿਆਂ ਨਾਲ ਗਿਣਤੀ 1145 ਹੋ ਚੁੱਕੀ ਹੈ,ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ) ਬਰਨਾਲਾ ‘ਚ 177 ਨਵੇਂ ਵਿਦਿਆਰਥੀ ਵੱਲੋਂ ਦਾਖਲਾ ਲੈਣ ਨਾਲ ਸਕੂਲ ਦੀ ਕੁੱਲ ਗਿਣਤੀ 1053 ਹੋ ਗਈ ਹੈ।
ਇਨ੍ਹਾਂ ਸਕੂਲਾਂ ਦੇ ਮੁਖੀਆਂ ਡਾ. ਰਵਿੰਦਰਪਾਲ ਸਿੰਘ ਪਿ੍ਰੰਸੀਪਲ, ਅਮਰਿੰਦਰ ਸਿੰਘ ਲੈਕਚਰਾਰ,ਤਲਵਿੰਦਰ ਸਿੰਘ ਸਿੱਧੂ ਲੈਕਚਰਾਰ, ਵਿਨਸੀ ਜਿੰਦਲ ਪਿ੍ਰੰਸੀਪਲ ਅਤੇ ਜਗਦੇਵ ਸਿੰਘ ਪਿ੍ਰੰਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲਾਂ ‘ਚ ਨਵੇਂ ਵਿਦਿਆਰਥੀਆਂ ਵੱਲੋਂ ਦਾਖਲੇ ਲੈਣ ਦੇ ਰੁਝਾਨ ਨੂੰ ਵੇਖਦਿਆਂ ਉਨ੍ਹਾਂ ਵੱਲੋਂ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਦੇ ਨਵੇਂ ਟਾਰਗੈਟ ਮਿਥੇ ਗਏ ਹਨ। ਉਨ੍ਹਾਂ ਕਿਹਾ ਕਿ ਦਾਖਲਿਆਂ ਦੇ ਇਸ ਨਵੇਂ ਟਾਰਗੈਟ ਦੀ ਪ੍ਰਾਪਤੀ ਲਈ ਸਮੂਹ ਸਟਾਫ਼ ਵੱਲੋਂ ਸਰਕਾਰੀ ਸਕੂਲਾਂ ‘ਚ ਬੱਚੇ ਪੜਾਉਣ ਲਈ ਮਾਪਿਆਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ‘ਚ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਆਈ ਤਬਦੀਲੀ ਮਾਪਿਆਂ ਲਈ ਆਕਰਸ਼ਨ ਦਾ ਕਾਰਨ ਬਣ ਰਹੀ ਹੈ। ਮਾਪਿਆਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਜ਼ਿਲ੍ਹੇ ਦੇ 5 ਸਰਕਾਰੀ ਸਕੂਲਾਂ ਦੀ ਗਿਣਤੀ ਇੱਕ ਹਜ਼ਾਰ ਨੂੰ ਪਾਰ ਕਰ ਗਈ ਹੈ ਉੱਥੇ ਹੀ 3 ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ(ਮੁੰਡੇ) ਭਦੌੜ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਖੋਂ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਡਿਆਇਆ ਮਹਿਜ਼ ਦਸ ਤੋਂ ਤੀਹ ਵਿਦਿਆਰਥੀਆਂ ਦੇ ਹੋਰ ਦਾਖਲਿਆਂ ਨਾਲ ਇੱਕ ਹਜ਼ਾਰ ਤੋਂ ਵੱਧ ਗਿਣਤੀ ਵਾਲੇ ਸਕੂਲਾਂ ਵਿੱਚ ਸ਼ੁਮਾਰ ਹੋ ਜਾਣਗੇ।