ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵਲੋਂ ਕਰਤਾਰ ਸਿੰਘ ਸਰਾਭਾ ਜੀ ਦਾ 125ਵਾਂ ਜਨਮ ਦਿਵਸ ਵੈਬੀਨਾਰ ਰਾਹੀਂ ਮਨਾਇਆ ਗਿਆ। ਇਸ ਵੈਬੀਨਾਰ ਦੀ ਪ੍ਰਧਾਨਗੀ ਪ੍ਰੋ. ਅਰਵਿੰਦ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਗ਼ਦਰੀ ਬਾਬਿਆਂ ਦੀ ਸੋਚ ਨੂੰ ਆਮ ਲੋਕਾਂ ਤੱਕ ਲੈ ਜਾਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵਲੋਂ ਸਰਾਭਾ ਵਰਗੇ ਸ਼ਹੀਦਾਂ ਦੇ ਵਿਚਾਰਾਂ ਨੂੰ ਲੋਕ-ਸੰਘਰਸ਼ਾਂ ਵਿਚ ਲੈ ਜਾਣ ਦੀ ਕੋਸਿਸ਼ ਕੀਤੀ ਜਾਵੇਗੀ। ਇਸ ਵੈਬੀਨਾਰ ਵਿੱਚ ਪ੍ਰਮੁਖ ਭਾਸ਼ਣ ਪ੍ਰੱਸਿਧ ਚਿੱਤਕ ਪ੍ਰੋ. ਰੋਣਕੀ ਰਾਮ, ਪੰਜਾਬ ਯੂਨੀਵਰਸਿਟੀ, ਚੰਡੀਗੜ ਵਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿਚਾਰਾਂ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਨੂੰ ਵੀ ਸਮਝਣਾ ਚਾਹੀਦਾ ਹੈ। ਉਨ੍ਹਾਂ ਇਤਿਹਾਸ ਵਿਚੋਂ ਵੱਖ-ਵੱਖ ਉਦਾਹਰਣਾਂ ਦੇ ਕੇ ਸਪਸ਼ਟ ਕੀਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ ਉੱਤੇ ਆਪਣੇ ਤੋਂ ਪਹਿਲੇ ਇਨਕਲਾਬੀ ਸੰਘਰਸ਼ਾਂ ਦਾ ਪ੍ਰਭਾਵ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਪ੍ਰੇਰਨਾਸ੍ਰੋਤ ਤੇ ਗੁਰੂ ਮੰਨਦੇ ਸਨ।
ਇਸ ਵੈਬੀਨਾਰ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਗ਼ਦਰੀ ਬਬਿਆਂ ਦੇ ਮੁਨਸ਼ੀ ਕਹੇ ਜਾਂਦੇ ਮਲਵਿੰਦਰ ਜੀਤ ਸਿੰਘ ਵੜੈਚ ਨੇ ਸਿ਼ਰਕਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ ਨੂੰ ਵੱਧ ਸਿ਼ੱਦਤ ਨਾਲ ਸਮਝਣ ਤੇ ਅਪਨਾਉਣ ਦੀ ਲੋੜ ਹੈ। ਇਸ ਮੌਕੇ ਪੰਜਾਬੀ ਦੇ ਪ੍ਰਸਿਧ ਕਵੀ ਅਮਰਜੀਤ ਚੰਦਨ ਨੇ ਗ਼ਦਰੀ ਬਬਿਆਂ ਨਾਲ ਸੰਬੰਧਤ ਤਿੰਨ ਨਜ਼ਮਾਂ ਪੇਸ਼ ਕੀਤੀਆਂ ਅਤੇ ਮਹੌਲ ਨੂੰ ਭਾਵਪੁਰਤ ਕਰ ਦਿੱਤਾ। ਇਸ ਵੈਬੀਨਾਰ ਵਿਚ ਕੈਨੇਡਾ ਤੋਂ ਡਾ. ਸੁਰਿਦੰਰ ਧੰਜਲ ਨੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਨਾਲ ਸਬੰਧਤ ਆਪਣੀ ਖੂਬਸੂਰਤ ਨਜ਼ਮ ‘ਪੁਨਰ-ਜਨਮ` ਪੇਸ਼ ਕੀਤੀ। ਰਾਜਨੀਤੀ ਅਤੇ ਇਤਿਹਾਸ ਦੇ ਪ੍ਰਸਿੱਧ ਵਿਦਵਾਨ ਪ੍ਰੋ. ਹਰੀਸ਼ ਪੁਰੀ ਨੇ ਗ਼ਦਰ ਲਹਿਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਸਬੰਧਤ ਬਹੁਤ ਮੱਹਤਵਪੂਰਨ ਨੁਕਤੇ ਸਾਂਝੇ ਕੀਤੇ। ਪ੍ਰੋਗਰਾਮ ਦਾ ਸੰਚਾਲਨ ਇਸ ਚੇਅਰ ਦੇ ਕੋਆਰਡੀਨੇਟਰ ਡਾ. ਭੀਮ ਇੰਦਰ ਸਿੰਘ ਨੇ ਕੀਤਾ। ਇਸ ਵੈਬੀਨਾਰ ਵਿਚ ਦੇਸ਼ ਵਿਦੇਸ਼ ਵਿਚੋਂ ਪ੍ਰਸਿੱਧ ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸਿ਼ਰਕਤ ਕੀਤੀ।