ਕਿਸਾਨਾਂ ਨੇ ਚੰਡੀਗ਼ੜ੍ਹ ਮੋਰਚੇ ਦੀ ਤਿਆਰੀ ਵਿੱਢੀ
ਸੁਨਾਮ : ਕਿਸਾਨੀ ਮੰਗਾਂ ਨੂੰ ਲੈਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਮਾਰਚ ਨੂੰ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਮੋਰਚੇ ਤੋਂ ਬੌਖਲਾਹਟ ਵਿੱਚ ਆਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫੜੋਫੜੀ ਲਈ ਕਿਸਾਨ ਆਗੂਆਂ ਦੇ ਘਰਾਂ ਵਿੱਚ ਮਾਰੇ ਗਏ ਛਾਪਿਆਂ ਦੇ ਰੋਸ ਵਜੋਂ ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੁਨਾਮ ਬਲਾਕ ਦੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਰਾਮ ਸ਼ਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ, ਗਗਨਦੀਪ ਸਿੰਘ ਚੱਠਾ ਨਨਹੇੜਾ, ਮਨੀ ਸਿੰਘ ਭੈਣੀ, ਪਾਲ ਸਿੰਘ ਦੌਲੇਵਾਲਾ। ਯਾਦਵਿੰਦਰ ਸਿੰਘ ਚੱਠਾ,ਜੀਤ ਸਿੰਘ ਗੰਢੂਆਂ ਅਤੇ ਲਾਲੀ ਦੌਲੇਵਾਲਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕਿਸਾਨੀ ਮੰਗਾਂ ਪੂਰੀਆਂ ਕਰਨ ਦੀ ਬਜਾਏ ਚੰਡੀਗੜ੍ਹ ਮੋਰਚੇ ਨੂੰ ਅਸਫ਼ਲ ਬਣਾਉਣ ਲਈ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਘਰਾਂ ਦਾ ਧੀ ਪੁੱਤ ਦੱਸਣ ਵਾਲਾ ਮੁੱਖ ਮੰਤਰੀ ਬਣਿਆ ਭਗਵੰਤ ਮਾਨ ਕਿਸਾਨਾਂ ਨੂੰ ਮੀਟਿੰਗ ਲਈ ਸੱਦਕੇ ਬੌਖਲਾਹਟ ਵਿੱਚ ਆਉਣ ਤੋਂ ਬਾਅਦ ਮੀਟਿੰਗ ਅਧਵਾਟੇ ਛੱਡ ਕੇ ਚਲਾ ਗਿਆ ਜਦਕਿ ਅਜਿਹਾ ਵਰਤਾਰਾ ਕਿਸੇ ਵੀ ਸਰਕਾਰ ਵਿੱਚ ਦੇਖਣ ਨੂੰ ਨਹੀਂ ਮਿਲਿਆ। ਕਿਸਾਨ ਆਗੂਆਂ ਨੇ ਆਖਿਆ ਕਿ ਸਰਕਾਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਲੋਕਤੰਤਰ ਦੇ ਘਾਣ ਤੇ ਉੱਤਰ ਆਈ ਹੈ। ਕਿਸਾਨ ਆਗੂ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਪੰਜ ਮਾਰਚ ਨੂੰ ਚੰਡੀਗੜ੍ਹ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਰਕਾਰ ਦੀ ਤੁਗਲਕੀ ਕਾਰਵਾਈ ਤੋਂ ਬਾਅਦ ਕਿਸਾਨਾਂ ਵਿੱਚ ਚੰਡੀਗੜ੍ਹ ਮੋਰਚੇ ਵਿੱਚ ਸ਼ਾਮਲ ਹੋਣ ਲਈ ਉਤਸ਼ਾਹ ਪਾਇਆ ਜਾ ਰਿਹਾ ਹੈ। ਟਰਾਲੀਆਂ ਤੇ ਤਰਪਾਲਾਂ ਪਾਕੇ ਲੋੜੀਂਦਾ ਰਾਸ਼ਨ ਲੱਦ ਲਿਆ ਗਿਆ ਹੈ।