ਸੁਨਾਮ : ਸੁਨਾਮ ਦੀਆਂ ਬਰੂਹਾਂ ਤੇ ਵਸੇ ਪਿੰਡ ਬਿਸ਼ਨਪੁਰਾ ਦੀ ਜੰਮਪਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ਼ ਦੀ ਨੂੰਹ ਸੰਦੀਪ ਕੌਰ ਨੂੰ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ 'ਤੇ ਸ਼ਗਨ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਸਿਰ 'ਤੇ ਹੱਥ ਰੱਖਕੇ ਅਸ਼ੀਰਵਾਦ ਦਿੱਤਾ। ਸੰਦੀਪ ਕੌਰ ਮੂਲ ਰੂਪ ਵਿੱਚ ਸੁਨਾਮ ਦੇ ਪਿੰਡ ਬਿਸ਼ਨਪੁਰਾ ਦੀ ਜੰਮਪਲ ਹੈ ਅਤੇ ਮੁੱਖ ਮੰਤਰੀ ਦੇ ਪਿੰਡ ਸਤੌਜ਼ ਵਿੱਚ ਵਿਆਹੀ ਹੋਈ ਹੈ। ਸੰਦੀਪ ਕੌਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੱਖ-ਵੱਖ ਵਿਭਾਗਾਂ ਵਿੱਚ 763 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਦੇਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਦੁਬਾਰਾ ਫੋਨ ਕੀਤਾ ਸ਼ਗਨ ਦਿੱਤਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦੇ ਸਿਰ 'ਤੇ ਹੱਥ ਰੱਖ ਕੇ ਪਿਤਾ ਵਾਂਗ ਆਸ਼ੀਰਵਾਦ ਦਿੱਤਾ ਜੋ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ ਅਤੇ ਉਹ ਇਸ ਪਲ ਨੂੰ ਸਾਰੀ ਉਮਰ ਯਾਦ ਰੱਖੇਗੀ। ਸੰਦੀਪ ਕੌਰ ਨੇ ਦੱਸਿਆ ਕਿ ਉਸ ਨੇ ਕਦੇ ਆਪਣੇ ਪਿੰਡ ਦੇ ਮੁੱਖ ਮੰਤਰੀ ਵੱਲੋਂ ਇੰਨਾ ਮਾਣ-ਸਨਮਾਨ ਮਿਲਣ ਦੀ ਕਲਪਨਾ ਵੀ ਨਹੀਂ ਕੀਤੀ ਸੀ ਅਤੇ ਇਸ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹਮੇਸ਼ਾ ਰਿਣੀ ਰਹੇਗੀ।