ਮਾਨ ਸਰਕਾਰ ਕਿਸਾਨਾਂ ਦੇ ਸੰਘਰਸ਼ ਤੋਂ ਘਬਰਾਈ : ਛਾਜਲਾ
ਸੁਨਾਮ : ਖੇਤੀ ਮੰਡੀਕਰਨ ਨੀਤੀ ਨੂੰ ਰੱਦ ਕਰਨ ਸਮੇਤ ਹੋਰਨਾਂ ਮੰਗਾਂ ਨੂੰ ਲੈਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਮਾਰਚ ਨੂੰ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਸੁਨਾਮ ਬਲਾਕ ਦੇ ਪਿੰਡਾਂ ਵਿੱਚੋਂ ਗੰਢੂਆਂ ਵਿਖੇ ਇਕੱਤਰ ਹੋਏ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕੀਤਾ। ਵੱਡੇ ਕਾਫਲੇ ਦੇ ਰੂਪ ਵਿੱਚ ਕਿਸਾਨ ਪੁਲਿਸ ਨਾਕਿਆਂ ਤੋਂ ਦੂਰੀ ਬਣਾਕੇ ਪਿੰਡਾਂ ਦੀਆਂ ਜੋੜ ਸੜਕਾਂ ਤੋਂ ਹੁੰਦੇ ਹੋਏ ਤੈਅ ਕੀਤੇ ਪ੍ਰੋਗਰਾਮ ਮੁਤਾਬਿਕ ਘਰਾਚੋਂ ਪੁੱਜੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਸੁਖਪਾਲ ਸਿੰਘ ਮਾਣਕ ਅਤੇ ਗਗਨਦੀਪ ਸਿੰਘ ਚੱਠਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਸੰਘਰਸ਼ ਤੋਂ ਬੁਰੀ ਤਰ੍ਹਾਂ ਘਬਰਾਈ ਹੋਈ ਹੈ। ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪਿਛਲੇ ਦੋ ਦਿਨਾਂ ਤੋਂ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਜਿਹਾ ਵਰਤਾਰਾ ਸਿਰਜ ਕੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਹੇਗਾ ਮੁੱਖ ਮੰਤਰੀ ਦੀਆਂ ਤੁਗਲਕੀ ਕਾਰਵਾਈਆਂ ਤੋਂ ਕਿਸਾਨ ਘਬਰਾਉਣ ਵਾਲੇ ਨਹੀਂ ਹਨ। ਇਸ ਮੌਕੇ ਮਨੀ ਸਿੰਘ ਭੈਣੀ, ਪਾਲ ਸਿੰਘ ਦੌਲੇਵਾਲਾ, ਰਾਮ ਸ਼ਰਨ ਸਿੰਘ ਉਗਰਾਹਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।