ਪਟਿਆਲਾ : ਪੰਜਾਬੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਦਮਨਜੀਤ ਕੌਰ ਸੰਧੂ ਨੂੰ ਨਵੀਂ ਦਿੱਲੀ ਵਿਖੇ ਹੋ ਰਹੀ 'ਪੈਰਾ ਅਥਲੈਟਿਕਸ ਗਰੈਂਡ ਪ੍ਰਿਕਸ' ਦੌਰਾਨ ਭਾਰਤੀ ਟੀਮ ਦੀ ਮਨੋਵਿਗਿਆਨਿਕ ਅਗਵਾਈ ਲਈ ਚੁਣਿਆ ਗਿਆ ਹੈ। ਡਾ. ਸੰਧੂ ਵੱਲੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਦੇ ਜਨਰਲ ਸਕੱਤਰ ਜਯਾਵੰਤ ਜੀ. ਐੱਚ. ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਭੇਜੀ ਗਈ ਈ-ਮੇਲ ਰਾਹੀਂ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਹੋ ਰਹੀ ਇਸ ਗਤੀਵਿਧੀ ਲਈ 9 ਮਾਰਚ ਤੋਂ 13 ਮਾਰਚ 2025 ਤੱਕ ਉਹਨਾਂ ਦੀਆਂ ਸੇਵਾਵਾਂ ਮੁਹਈਆ ਕਰਵਾਉਣ ਲਈ ਲਿਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡਾਂ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਕੌਮੀ ਪੱਧਰ ਦੀ ਖੇਡ ਫੈਡਰੇਸ਼ਨ ਹੈ ਜੋ ਕਿ ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਨਾਲ ਸੰਬੰਧਿਤ ਹੈ। ਉਨ੍ਹਾਂ ਦੱਸਿਆ ਕਿ ਭਾਰਤ ਪਹਿਲੀ ਵਾਰ 'ਪੈਰਾ ਅਥਲੈਟਿਕਸ ਗਰੈਂਡ ਪ੍ਰਿਕਸ' ਆਯੋਜਿਤ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅਜਿਹੇ ਵੱਡੇ ਈਵੈਂਟਸ ਦੌਰਾਨ ਖਿਡਾਰੀਆਂ ਨੂੰ ਮਾਨਸਿਕ ਸਿਹਤ ਮਾਮਲਿਆਂ ਵਿੱਚ ਅਗਵਾਈ ਸਲਾਹ ਦੀ ਲੋੜ ਹੁੰਦੀ ਹੈ ਇਸ ਲਈ ਭਾਰਤੀ ਟੀਮ ਦੀਆਂ ਮਨੋਵਿਗਿਆਨਕ ਜ਼ਰੂਰਤਾਂ ਲਈ ਉਨ੍ਹਾਂ ਨੂੰ ਤਾਇਨਾਤ ਕੀਤਾ ਗਿਆ ਹੈ।