ਇਸ ਕਾਨਫਰੰਸ ਦੀ ਅਗਵਾਈ ਕਰਦਿਆਂ ਵਿਭਾਗ ਦੇ ਮੁਖੀਆਂ ਡਾ ਬਲਰਾਜ ਸਿੰਘ ਸੈਣੀ ਅਤੇ ਡਾ ਗੁਰਪ੍ਰੀਤ ਸਿੰਘ ਨੇ ਸਾਂਝੇ ਤੌਰ ਉੱਤੇ ਦੱਸਿਆ ਕਿ ਸੱਤ ਅਤੇ ਅੱਠ ਮਾਰਚ ਨੂੰ ਹੋਣ ਜਾ ਰਹੀ ਕੌਮਾਂਤਰੀ ਕਾਨਫਰੰਸ ਮਕੈਨੀਕਲ ਇੰਜੀਨੀਅਰਿੰਗ ਅਤੇ ਸਿਵਲ ਇੰਜੀਨੀਅਰਿੰਗ ਵੱਲੋਂ ਸਾਂਝੇ ਤੌਰ ਉੱਤੇ ਕਰਵਾਈ ਜਾ ਰਹੀ ਹੈ ਜਿਸਦਾ ਮੁੱਖ਼ ਥੀਮ ‘ਅਡਵਾਂਸਸ ਇਨ ਇਨਵਾਇਰਨਮੈਂਟਲ ਐਂਡ ਸਸਟੇਨੇਬਲ ਇੰਜੀਨੀਅਰਿੰਗ’ ਹੈ । ਕਾਨਫਰੰਸ ਦੇ ਕਨਵੀਨਰ ਡਾ. ਖੁਸ਼ਦੀਪ ਗੋਇਲ ਨੇ ਦੱਸਿਆ ਕਿ ਅੱਜ ਮਕੈਨੀਕਲ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ਉੱਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ । ਪ੍ਰੋਫੈਸਰ ਹਰਪ੍ਰੀਤ ਸਿੰਘ ਦਾ ਆਪਣੇ ਵਿਸ਼ੇ ਵਿੱਚ ਲੰਬਾ ਤਜ਼ਰਬਾ ਹੈ ਅਤੇ ਉਹਨਾਂ ਯੰਗ ਸਾਇੰਟਿਸਟ ਦਾ ਐਵਾਰਡ ਵੀ ਹਾਸਿਲ ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਡਾ. ਹਰਪ੍ਰੀਤ ਸਿੰਘ ਨੂੰ 2019 ਦਾ ਅਚੀਵਰ ਐਵਾਰਡ ਨਾਲ਼ ਵੀ ਸਨਮਾਨਿਆ ਸੀ, ਆਲ ਇੰਡੀਆ ਕੌਂਸਿਲ ਆਫ ਟੈਕਨੀਕਲ ਐਜੂਕੇਸ਼ਨ ਨੇ ਉਹਨਾਂ ਨੂੰ ‘ਕੈਰੀਅਰ ਐਵਾਰਡ ਫਾਰ ਯੰਗ ਟੀਚਰਜ਼’ ਨਾਲ਼ ਸਨਮਾਨਿਆ ਹੈ ਅਤੇ ਸਾਲ 2007 ਵਿੱਚ ਆਈ ਐਸ ਟੀ ਈ ਵੱਲੋਂ ‘ਮਹਾਰਾਸ਼ਟਰ ਸਟੇਟ ਨੈਸ਼ਨਲ ਐਵਾਰਡ’ ਨਾਲ਼ ਸਨਮਾਨਿਆ ਗਿਆ ਸੀ । ਉਹਨਾਂ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਕਾਨਫਰੰਸ ਨਾਲ਼ ਸਬੰਧਿਤ ਸਸਟੇਨੇਬਲ ਮੈਨੂੰਫੈਕਚਰਿੰਗ ਦੀ ਗੱਲ ਕਰਨਾ ਇਸ ਵਕਤ ਇੱਕ ਗਲੋਬਲ ਲੋੜ ਹੈ। ਉਹਨਾਂ ਕਿਹਾ ਕਿ ਇਸ ਵਕਤ ਪੂਰੇ ਸੰਸਾਰ ਵਿੱਚ ਖੋਜੀਆਂ ਦੀ ਦਿਸ਼ਾ ਅਜਿਹੀਆਂ ਤਕਨੀਕਾਂ ਨੂੰ ਲਭਣ ਸਬੰਧੀ ਹੀ ਹੈ ਜਿਸ ਨਾਲ਼ ਸਾਡੇ ਵਾਤਾਵਰਣ ਨੂੰ ਫਾਇਦਾ ਹੋਵੇ ਅਤੇ ਜੋ ਟਿਕਾਊ ਵੀ ਹੋਣ। ਡਾ. ਚੰਦਨਦੀਪ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿ ਸਸਟੇਨੇਬਲ ਅਤੇ ਵਾਤਾਵਰਣ ਸਬੰਧੀ ਜੋ ਨਵੇਂ ਰੁਝਾਨ ਪੈਦਾ ਹੋ ਰਹੇ ਹਨ ਉਸ ਬਾਰੇ ਇਸ ਕਾਨਫਰੰਸ ਵਿੱਚ ਵੱਖ ਵੱਖ ਮਾਹਿਰਾਂ ਵੱਲੋਂ ਗੱਲ ਕੀਤੀ ਜਾਵੇਗੀ। ਸਿਵਿਲ ਇੰਜੀਨੀਅਰਿੰਗ ਦੇ ਅਧਿਆਪਕ ਡਾ ਮਨਿੰਦਰ ਸਿੰਘ ਨੇ ਇਸ ਕਾਨਫਰੰਸ ਦੇ ਮਨੋਰਥਾਂ ਅਤੇ ਇਸਦੇ ਵਿਸ਼ਾ-ਵਸਤੂ ਬਾਰੇ ਵਿਸਥਾਰ ਸਹਿਤ ਦੱਸਿਆ । ਤਕਰੀਬਨ ਢਾਈ ਘੰਟੇ ਚੱਲੇ ਇਸ ਉਦਘਾਟਨੀ ਸਮਾਰੋਹ ਦੌਰਾਨ ਮੰਚ ਸੰਚਾਲਨ ਡਾ. ਦਵਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਇਸ ਦੌਰਾਨ ਡਾ. ਭਾਰਤ ਭੂਸ਼ਨ ਸਿੰਗਲਾ, ਐਡੀਸ਼ਨਲ ਕੰਟਰੋਲਰ, ਪੰਜਾਬੀ ਯੂਨੀਵਰਸਿਟੀ ਅਤੇ ਡਾ. ਗੁਰਮੀਤ ਕੌਰ, ਡੀਨ ਇੰਜਨੀਅਰਿੰਗ ਵਿੰਗ ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਸ਼ਾਮਿਲ ਹੋਏ ਸਨ । ਅੱਜ ਦਾ ਉਦਘਾਟਨੀ ਸਮਾਗਮ ਦਾ ਪ੍ਰਬੰਧਨ ਡਾ. ਸੁਖਜਿੰਦਰ ਬੁੱਟਰ ਅਤੇ ਡਾ. ਚਰਨਜੀਤ ਨੌਹਰਾ ਵੱਲੋਂ ਕੀਤਾ ਗਿਆ ਸੀ । ਇਸ ਮੌਕੇ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਹਿਮਾਸ਼ੂ ਅਗਰਵਾਲ ਅਤੇ ਇਲੈਕਟਰੋਨਿਕਸ ਇੰਜੀਨੀਅਰਿੰਗ ਦੇ ਮੁਖੀ ਡਾ ਕੁਲਵਿੰਦਰ ਮੱਲੀ ਤੋਂ ਇਲਾਵਾ ਸਿਵਿਲ ਇੰਜਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਸਮੂਹ ਅਧਿਆਪਕ ਹਾਜ਼ਿਰ ਸਨ ।