ਸੰਦੋੜ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਵਿੱਚ ਸਾਲ 2024-25 ਲਈ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਜ਼ਿਲਾ ਮਾਲੇਰਕੋਟਲਾ ਨੂੰ ਉੱਤਮ ਸਕੂਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਾਣਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਰਟੀਫਿਕੇਟ ਸਮੇਤ ਸਾਢੇ ਸੱਤ ਲੱਖ ਰੁਪਏ ਦੀ ਰਾਸ਼ੀ ਦਾ ਇਨਾਮ ਦਿੱਤਾ ਗਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਹੈਡਮਾਸਟਰ ਸੱਜਾਦ ਅਲੀ ਗੌਰੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਈ ਸਾਲਾਂ ਦੀ ਲਗਾਤਾਰ ਮਿਹਨਤ ਸਦਕਾ, ਸਮੁੱਚੇ ਸਟਾਫ ਦੇ ਸਹਿਯੋਗ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ, ਧਰਮਸ਼ਾਲਾ ਕਮੇਟੀ ਪਿੰਡ ਖੁਰਦ ਸਮੇਤ ਪਿੰਡ ਦੀ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਨਿਭਾਏ ਅਹਿਮ ਰੋਲ ਅਤੇ ਦਾਨੀ ਸੱਜਣਾਂ ਵੱਲੋਂ ਕੀਤੇ ਦਾਨ ਸਦਕਾ ਸਕੂਲ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ। ਉਹਨਾਂ ਸਕੂਲ ਨਾਲ ਜੁੜ੍ਹੇ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ। ਉਹਨਾਂ ਨੇ ਅੱਗੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਅਜਿਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਰਕਾਰ ਦੇ ਅਜਿਹੇ ਉਪਰਾਲਿਆਂ ਨਾਲ ਉਹਨਾਂ ਨੂੰ ਹੋਰ ਬਲ ਅਤੇ ਊਰਜਾ ਨਾਲ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ। ਪੁਰਸਕਾਰ ਪ੍ਰਾਪਤੀ ਉਪਰੰਤ ਪਿੰਡ ਦੇ ਪਤਵੰਤਿਆਂ ਨੇ ਸਕੂਲ ਹੈਡਮਾਸਟਰ ਸ਼੍ਰੀ ਸੱਜਾਦ ਅਲੀ ਗੌਰੀਆ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਹੈਡਮਾਸਟਰ ਨੂੰ ਦਿੱਤਾ। ਪਿੰਡ ਖ਼ੁਰਦ ਦੇ ਸਰਪੰਚ ਸ. ਕੁਲਵੀਰ ਸਿੰਘ ਫੌਜੀ ਨੇ ਕਿਹਾ ਪਿੰਡ ਦੇ ਸਕੂਲ ਨੇ ਪਿੰਡ ਦਾ ਨਾਮ ਪੰਜਾਬ ਪੱਧਰ ਤੇ ਰੌਸ਼ਨ ਕੀਤਾ ਹੈ। ਜਿਸ ਨਾਲ ਪਿੰਡ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸਕੂਲ ਕਮੇਟੀ ਦੇ ਚੇਅਰਮੈਨ ਡਾ. ਸਤਪਾਲ ਸਿੰਘ ਨੇ ਦੱਸਿਆ ਕਿ ਇਹ ਸਨਮਾਨ ਪ੍ਰਾਪਤ ਕਰਨ ਲਈ ਪਿੰਡ ਦੀ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਕੂਲ ਹੈਡਮਾਸਟਰ ਸਮੇਤ ਸਮੂਹ ਸਟਾਫ਼ ਦਾ ਜਲਦੀ ਹੀ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸ. ਗੁਰਜੀਤ ਸਿੰਘ, ਸ.ਰਮਨਦੀਪ ਸਿੰਘ, ਸ਼੍ਰੀ ਸਲੀਮ ਮੁਹੰਮਦ, ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀਮਤੀ ਮਨਦੀਪ ਕੌਰ, ਸ. ਦਲਬਾਰਾ ਸਿੰਘ, ਸ਼ਿਫਾਲੀ ਜੈਨ, ਸ਼੍ਰੀ ਟਿਮਿਸ਼ ਬੱਤਾ, ਸ਼੍ਰੀਮਤੀ ਰਵੀਨਾ, ਸ਼੍ਰੀ ਕੁਲਦੀਪ ਸਿੰਘ ਹਾਜ਼ਰ ਸਨ।