ਮੋਗਾ : ਜ਼ਿਲ੍ਹੇ ਦੇ ਪਿੰਡ ਵਹਿਣੀਵਾਲ ਵਿਖੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਘਰ ਛੱਡਣ ਗਏ ਐਂਬੂਲੈਂਸ ਦੇ ਡਰਾਇਵਰ ਦੀ ਆਕਸੀਜਨ ਸਿਲੰਡਰ ਫਟਣ ਕਾਰਨ ਮੌਤ ਹੋ ਜਾਣ ਦਾ ਪਤਾ ਲੱਗਾ ਹੈ ਜਦਕਿ ਇਸ ਹਾਦਸੇ ਵਿਚ ਦੋ ਜ਼ਖ਼ਮੀ ਹੋ ਗਏ ਹਨ। ਸਥਾਨਕ ਸਰਕਾਰੀ ਹਸਪਤਾਲ ਮੋਗਾ ਵਿਖੇ ਮਿ੍ਰਤਕ ਨੌਜਵਾਨ ਦੇ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਹਸਪਤਾਲ ਵਿਖੇ 19 ਸਾਲਾ ਦੇ ਸਤਨਾਮ ਸਿੰਘ ਜੋ ਕਿ ਇਕ ਪ੍ਰਾਈਵੇਟ ਐਂਬੂਲੈਂਸ ’ਤੇ ਡਰਾਇਵਰ ਸੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ ਰਾਤ ਉਸ ਨੂੰ ਫ਼ੌਨ ਆਇਆ ਕਿ ਹਲਕਾ ਧਰਮਕੋਟ ਦੇ ਪਿੰਡ ਵਹਿਣੀਵਾਲ ਵਿਖੇ ਇਕ ਕੋਰੋਨਾ ਦੇ ਮਰੀਜ਼ ਨੂੰ ਛੱਡਣ ਜਾਣਾ ਹੈ ਅਤੇ ਉਹ ਚਲਾ ਗਿਆ ਜਦੋਂ ਪਿੰਡ ਵਿਚ ਪਹੁੰਚ ਕੇ ਮਰੀਜ਼ ਨੂੰ ਉਤਾਰਨ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ’ਤੇ ਆਕਸੀਜਨ ਸਿਲੰਡਰ ਨੂੰ ਠੀਕ ਕਰਨ ਲੱਗਾ ਤਾਂ ਅਚਾਨਕ ਸਿਲੰਡਰ ਫ਼ੱਟ ਗਿਆ ਜਿਸ ਨਾਲ ਸਤਨਾਮ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਉਸ ਨੂੰ ਸਰਕਾਰੀ ਹਸਪਤਾਲ ਮੋਗਾ ਲਿਆਂਦਾ ਗਿਆ ਜਿਥੇ ਉਸ ਨੂੰ ਮਿ੍ਰਤਕ ਕਰਾਰ ਦਿੱਤਾ ਗਿਆ। ਮਿ੍ਰਤਕ ਨੌਜਵਾਨ ਦੀ ਮਾਤਾ ਆਸ਼ਾ ਵਰਕਰ ਹੈ ਅਤੇ ਸਰਕਾਰੀ ਹਸਪਤਾਲ ਮੋਗਾ ਵਿਚ ਹੀ ਆਪਣੀ ਸੇਵਾ ਨਿਭਾ ਰਹੀ ਹੈ।
ਪਰਿਵਾਰ ਵਾਲਿਆਂ ਦੇ ਮੁਤਾਬਿਕ ਪਹਿਲਾਂ ਤੋਂ ਹੀ ਆਕਸੀਜਨ ਸਿਲੰਡਰ ਘਰ ਵਿੱਚ ਪਿਆ ਸੀ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਪਰਿਵਾਰ ਨੇ ਐਂਬੂਲੈਂਸ ਡਰਾਇਵਰ 19 ਸਾਲ ਦਾ ਮਿ੍ਰਤਕ ਸਤਨਾਮ ਸਿੰਘ ਨੂੰ ਆਕਸੀਜਨ ਸਿਲੰਡਰ ਠੀਕ ਕਰਨ ਲਈ ਕਿਹਾ ਸੀ ਜਦੋਂ ਇਹ ਹਾਦਸਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਇਸਦੇ ਬਾਅਦ ਸਾਨੂੰ 11 : 30 ਦੇ ਕਰੀਬ ਫੋਨ ਆਉਂਦਾ ਹੈ ਦੀ ਸਿਲੰਡਰ ਫਟਣ ਦੇ ਕਾਰਨ ਸਤਨਾਮ ਸਿੰਘ ਦੀ ਮੌਤ ਹੋ ਗਈ ਹੈ। ਮਿ੍ਰਤਕ ਦੀ ਮਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਹ ਮੌਕੇ ’ਤੇ ਪਹੁੰਚੇ ਡੀ.ਐਸ.ਪੀ. ਸਿੱਟੀ ਬਰਜਿੰਦਰ ਸਿੰਘ ਭੁੱਲਰ ਨੇ ਮਿ੍ਰਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਪਿੰਡ ਥਾਣਾ ਅਜੀਤਵਾਲ ਦੇ ਪੁਲਿਸ ਦੇ ਅਧੀਨ ਆਉਂਦਾ ਹੈ ਅਤੇ ਇਸ ਮਾਮਲੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਕਸੀਜਨ ਸਿਲੇਂਡਰ ਫਟਣ ਦੇ ਕਾਰਨ ਐਂਬੁਲੇਂਸ ਦੇ ਡਰਾਇਵਰ ਸਤਨਾਮ ਸਿੰਘ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਜਖ਼ਮੀ ਹੋਏ ਹੈ।