ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਪੰਜਾਬੀਆਂ ਖਿਲਾਫ ਦਿੱਤੇ ਗਏ ਭੜਕਾਊ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ, ਜਿਸ ’ਚ ਉਨ੍ਹਾਂ ਮਹਾਰਾਜਾ ਹਰੀ ਸਿੰਘ ਵੱਲੋਂ ਸਟੇਟ ਸਬਜੈੱਕਟ ਲਾ ’ਧਾਰਾ 370’ ਹਮਾਰੇ ਕਸ਼ਮੀਰ ਨੂੰ ਨਹੀਂ ਜੰਮੂ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਤੋਂ ਬਚਾਉਣ ਬਾਰੇ ਕਿਹਾ ਸੀ। ਭਾਜਪਾ ਆਗੂ ਨੇ ਉਨ੍ਹਾਂ ਨੂੰ ਪੰਜਾਬੀਆਂ ਖਿਲਾਫ ਨਫ਼ਰਤ ਪੈਦਾ ਕਰਨ ਤੋਂ ਸੰਕੋਚ ਕਰਨ ਦੀ ਸਲਾਹ ਦਿੱਤੀ । ਇਸ ਸਾਜ਼ਿਸ਼ ਦਾ ਨੋਟਸ ਨਾ ਲੈਣ ਲਈ ਉਨ੍ਹਾਂ ਅਕਾਲੀ ਦਲ ਨੂੰ ਵੀ ਆੜੇ ਹੱਥੀਂ ਲਿਆ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫ਼ਰੰਸ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਹੈ, ਪੰਜਾਬ ਅਤੇ ਪੰਜਾਬੀਆਂ ਵਿਰੁੱਧ ਭੜਾਸ ਕੱਢ ਕੇ ਉਮਰ ਅਬਦੁੱਲਾ ਨੇ ਕਾਂਗਰਸ ਦੀ ਪੰਜਾਬ ਤੇ ਪੰਜਾਬੀ ਵਿਰੋਧੀ ਸੋਚ ਦੀ ਤਰਜਮਾਨੀ ਕੀਤੀ ਹੈ। ਭਾਜਪਾ ਆਗੂ ਨੇ ਪੰਜਾਬ ’ਤੇ ਨਿਸ਼ਾਨਾ ਸਾਧਨ ਸਮੇਂ ਅਬਦੁੱਲਾ ਵੱਲੋਂ ਕਸ਼ਮੀਰ ਨੂੰ ’ਹਮਾਰਾ’ ਕਹਿਣ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਸੀਐਮ ਅਬਦੁੱਲਾ ਜੰਮੂ ਅਤੇ ਉੱਥੋਂ ਦੇ ਲੋਕਾਂ ਨੂੰ ’ਆਪਣਾ’ ਨਹੀਂ ਮੰਨਦੇ ਹਨ?
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਮੈਂ ਸਮਝਦਾ ਸਾਂ ਕਿ ਉਮਰ ਅਬਦੁੱਲਾ ਇਕ ਚੰਗੀ ਸੋਚ ਅਤੇ ਸਿਆਸੀ ਪ੍ਰੋੜ੍ਹਤਾ ਦਾ ਮਾਲਕ ਹੈ, ਪਰ ਮੈਂ ਗ਼ਲਤ ਸਾਬਤ ਹੋਇਆ, ਕਸ਼ਮੀਰੀ ਨੇਤਾ ਦੇ ਗੈਰ ਜ਼ਿੰਮੇਵਾਰ ਬਿਆਨ ਨੇ ਉਸ ਦੀ ਸਿਆਸੀ ਅਨਾੜੀਪਣ ਅਤੇ ਪਾਕਿਸਤਾਨ ਪ੍ਰੇਮ ਦਾ ਵੀ ਪ੍ਰਮਾਣ ਦਿੱਤਾ ਹੈ। ਸੀ ਐੱਮ ਅਬਦੁੱਲਾ ਨੂੰ ਅਹਿਸਾਨ ਫ਼ਰਾਮੋਸ਼ ਕਰਾਰ ਦਿੰਦਿਆਂ ਭਾਜਪਾ ਆਗੂ ਨੇ ਕਿਹਾ ਕਿ ਦੇਸ਼ ਦੀ ਵੰਡ ਵੇਲੇ ਜਦੋਂ ਪਾਕਿਸਤਾਨ ਨੇ ਕਬਾਇਲੀਆਂ ਨੂੰ ਅੱਗੇ ਕਰਕੇ ਕਸ਼ਮੀਰ ’ਤੇ ਹਮਲਾ ਕੀਤਾ ਤਾਂ ਉਨ੍ਹਾਂ ਨੂੰ ਪਛਾੜਨ ਵਾਲੀ ਭਾਰਤੀ ਫ਼ੌਜ ਵਿਚ ਜ਼ਿਆਦਾਤਰ ਪੰਜਾਬੀ ਅਤੇ ਹਰਿਆਣੇ ਦੇ ਲੋਕ ਹੀ ਸ਼ਾਮਿਲ ਸਨ। ਦੂਜਿਆਂ ਨੂੰ ਇਤਿਹਾਸ ’ਤੇ ਸਬਕ ਲੈਣ ਅਤੇ ਮਹਾਰਾਜਾ ਹਰੀ ਸਿੰਘ ਦੀ ਤਾਰੀਫ਼ ਕਰਨ ਵਾਲੇ ਉਮਰ ਅਬਦੁੱਲਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਦਾਦਾ ਸ਼ੇਖ਼ ਅਬਦੁੱਲਾ ਨੂੰ ਮਹਾਰਾਜੇ ਖਿਲਾਫ ਕਸ਼ਮੀਰ ਛੱਡੋ ਅੰਦੋਲਨ ਅਤੇ ਤਾਨਾਸ਼ਾਹੀ ਸ਼ਾਸਨ ਦਾ ਵਿਰੋਧ ਕਰਨ ’ਤੇ ਕਈ ਵਾਰ ਕੈਦ ਕੀਤਾ ਗਿਆ। ਉਮਰ ਅਬਦੁੱਲਾ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕਾਂਗਰਸ ਸਰਕਾਰਾਂ ਵੱਲੋਂ ਵੀ ਸ਼ੇਖ਼ ਅਬਦੁੱਲਾ ਨੂੰ ਕਈ ਵਾਰ ਨਜ਼ਰਬੰਦ ਹੀ ਨਹੀਂ ਸਗੋਂ ਕਸ਼ਮੀਰ ਤੋਂ ਜਲਾਵਤਨ ਵੀ ਕੀਤਾ ਜਾਂਦਾ ਰਿਹਾ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਸ਼ਮੀਰ ਹਮੇਸ਼ਾਂ ਤੇ ਸ਼ੁਰੂਆਤ ਤੋਂ ਹੀ ਭਾਰਤ ਦਾ ਹਿੱਸਾ ਰਿਹਾ। ਚਾਰ ਸਦੀਆਂ ਦੇ ਇਸਲਾਮ ਰਾਜ ਤੋਂ ਬਾਅਦ 1819 ੲ. ’ਚ ਕਸ਼ਮੀਰ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆਗਿਆ ਅਤੇ ਰਾਜ ਗੁਲਾਬ ਸਿੰਘ ਦੇ ਅਧੀਨ ਲੰਮਾ ਸਮਾਂ ਸਿੱਖ ਰਾਜ ਦਾ ਹਿੱਸਾ ਰਿਹਾ। 1845 ਦੀ ਐਂਗਲੋ ਸਿੱਖ ਜੰਗ ਉਪਰੰਤ ਅੰਗਰੇਜ਼ਾਂ ਨੇ ਕਸ਼ਮੀਰ ਸਮੇਤ ਸਾਰੇ ਪਹਾੜੀ ਇਲਾਕੇ ਰਾਜਾ ਗੁਲਾਬ ਸਿੰਘ ਨੂੰ ਸੌਂਪ ਦਿੱਤੇ। ਪਰ ਦੇਸ਼ ਦੀ ਵੰਡ ਦੇ ਵਕਤ ਰਾਜਾ ਹਰੀ ਸਿੰਘ ਆਪਣੇ ਰਾਜ ਨੂੰ ਭਾਰਤ ’ਚ ਮਿਲਾਉਣ ਤੋਂ ਅੜੀ ਕੀਤੀ ਤਾਂ ਨਵੇਂ ਬਣੇ ਪਾਕਿਸਤਾਨ ਨੇ ਅਕਤੂਬਰ ’47 ਨੂੰ ਆਪਣੀ ਪ੍ਰੌਕਸੀ ਸੈਨਾ ਸਮੇਤ ਕਬਾਇਲੀਆਂ ਅਤੇ ਪਖ਼ਤੂਨਾਂ ਰਾਹੀਂ ਪੁੰਛ ਵੱਲੋਂ ਕਸ਼ਮੀਰ ’ਤੇ ਧਾਵਾ ਬੋਲ ਦਿੱਤਾ ਅਤੇ ਕਾਫ਼ੀ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ,ਜੋ ਅੱਜ ਵੀ ਉਨ੍ਹਾਂ ਕੋਲ ਹੈ। ਉਸ ਵਕਤ ਰਾਜਾ ਹਰੀ ਸਿੰਘ ਤਾਂ ਭਾਵਾਂ ਜੰਮੂ ਦੌੜ ਆਇਆ ਪਰ ਸਿੱਖਾਂ ਅਤੇ ਹਿੰਦੂਆਂ ਨੇ ਡਟ ਕੇ ਹਾਲਾਤ ਦਾ ਸਾਹਮਣਾ ਕੀਤਾ। ਇਸ ਕਬਾਇਲੀ ਪਾਕਿਸਤਾਨੀ ਹਮਲੇ ’ਚ ਕਰੀਬ ਇਕ ਲੱਖ ਸਿੱਖ ਤੇ ਹਿੰਦੂ ਮਾਰੇ ਗਏ, ਮੁਜ਼ੱਫਰ ਨਗਰ ’ਚ ਹੀ 70 ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤੇ ਜਾਣ ਦਾ ਅਨੁਮਾਨ ਲਗਾਇਆ ਗਿਆ। ਜਦੋਂ ਸ੍ਰੀ ਨਗਰ ਨੂੰ ਬਚਾਉਣ ਲਈ ਹਮਲਾਵਰਾਂ ਦਾ ਰੁਖ਼ ਰਫੀਆਬਾਦ ਵਲ ਮੋੜ ਦਿੱਤਾ ਗਿਆ ਤਾਂ ਉਨ੍ਹਾਂ ਰਾਹ ਵਿਚ ਆਉਂਦੇ ਹਿੰਦੂ-ਸਿੱਖਾਂ ਦੇ ਪਿੰਡ ਤਬਾਹ ਕਰ ਦਿੱਤੇ। ਬੇਸ਼ੱਕ ਇਸ ਦੌਰਾਨ ਰਾਜੇ ਵੱਲੋਂ ਲਗਾਈ ਗਈ ਮਦਦ ਦੀ ਗੁਹਾਰ ਅਤੇ ਰਲੇਵੇਂ ਦੇ ਸੰਧੀ ’ਤੇ ਦਸਤਖ਼ਤ ਕੀਤੇ ਜਾਣ ਨਾਲ ਭਾਰਤੀ ਫ਼ੌਜ ਵੱਲੋਂ ਇਸ ਦੇ ਰਹਿੰਦੇ ਰਾਜ ਨੂੰ ਬਚਾ ਲਿਆ ਗਿਆ। ਹਾਲਾਂਕਿ ਉਸ ਵਕਤ ਕਸ਼ਮੀਰ ਨੂੰ ਭਾਰਤ ਵਿਚ ਬਿਨਾ ਸ਼ਰਤ ਪੂਰੀ ਤਰਾਂ ਮਿਲਾ ਲਿਆ ਜਾਣਾ ਚਾਹੀਦਾ ਸੀ। ਬੇਸ਼ੱਕ ਕਾਂਗਰਸ ਦੀ ਇਸ ਗ਼ਲਤੀ ਨੂੰ ਦੂਰ-ਦਰਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਤਿਹਾਸਕ ਕਦਮ ਚੁੱਕਦਿਆਂ ਅਗਸਤ 2019 ਵਿਚ ਧਾਰਾ 370 ਨੂੰ ਹਟਾਉਂਦਿਆਂ ਸੋਧ ਲਿਆ ਗਿਆ ਹੈ। ਜਿੱਥੇ ਵਪਾਰ, ਸੈਰ ਸਪਾਟਾ ਤੇ ਪ੍ਰਸ਼ਾਸਨ ਲਈ ਵੀ ਅਨੇਕਾਂ ਚੁਨੌਤੀਆਂ ਸਨ, ਉਸ ਜੰਮੂ ਕਸ਼ਮੀਰ ਵਿਚ ਅੱਜ ਸ਼ਾਨਦਾਰ ਤਬਦੀਲੀਆਂ ਆ ਚੁੱਕੀਆਂ ਹਨ। ਪਾਕਿਸਤਾਨ ਤੋਂ ਸਿੱਖਿਅਤ ਅਤਿਵਾਦੀ ਸ਼ਾਂਤੀ ਭੰਗ ਕਰਨ ਲਈ ਭਾਵੇਂ ਹਾਲੇ ਵੀ ਯਤਨਸ਼ੀਲ ਹਨ ਪਰ ਕੇਂਦਰੀ ਫੋਰਸਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਇਸ ’ਤੇ ਕਾਬੂ ਪਾਉਣ ’ਚ ਕਾਮਯਾਬੀ ਮਿਲ ਰਹੀ ਹੈ। ਜਿਨ੍ਹਾਂ ਦੇ ਹੱਥਾਂ ’ਚ ਪੱਥਰ ਹੋਇਆ ਕਰਦਾ ਸੀ ਅੱਜ ਉਨ੍ਹਾਂ ਬਚਿਆਂ ਦੇ ਹੱਥਾਂ’ਚ ਕਿਤਾਬਾਂ ਆ ਚੁੱਕੀਆਂ ਹਨ। ਅਮਨ ਅਤੇ ਖ਼ੁਸ਼ਹਾਲੀ ਦੇ ਚਾਹਵਾਨ ਲੋਕਾਂ ਦਾ ਜਨ ਜੀਵਨ ਆਮ ਤਰਜ਼ ’ਤੇ ਹਨ। ਵਾਦੀ ਵਿਚ ਸ਼ਾਂਤੀ ਅਤੇ ਸਥਿਰਤਾ ਨੇ ਸੈਰ ਸਪਾਟੇ ਦੇ ਖੇਤਰ ਨੂੰ ਮਜ਼ਬੂਤੀ ਦਿੱਤੀ, ਸਾਲ 2024 ਦੌਰਾਨ 2.36 ਕਰੋੜ ਸੈਲਾਨੀਆਂ ਵੱਲੋਂ ਕਸ਼ਮੀਰ ਵਾਦੀ ਦਾ ਆਨੰਦ ਮਾਣਨ ਦਾ ਰਿਕਾਰਡ ਦਰਜ ਕੀਤਾ ਗਿਆ। ਸੜਕਾਂ, ਸੁਰੰਗਾਂ ਅਤੇ ਨਵੇਂ ਪੁਲਾਂ ਦੀ ਉਸਾਰੀ ਨਾਲ ਬੁਨਿਆਦੀ ਢਾਂਚਾ ਅਤੇ ਕੁਨੈਕਟੀਵਿਟੀ ਨੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕੀਤਾ ਹੈ। ਰੋਜ਼ਗਾਰ ਦੇ ਅਨੇਕਾਂ ਮੌਕੇ ਪੈਦਾ ਹੋਏ, ਟੂਰਿਜ਼ਮ ਤੇ ਉਦਯੋਗ ’ਚ ਵਾਧੇ ਨੇ ਰਾਜ ਦੀ ਅਰਥਵਿਵਸਥਾ ਨੂੰ ਸਹੀ ਦਿਸ਼ਾ ਤੇ ਗਤੀ ਦਿੱਤੀ। ਕਾਨੂੰਨ ਦੇ ਬਦਲਾਵ ਨੇ ਬਾਹਰਲੇ ਨਿਵੇਸ਼ਕਾਂ ਨੂੰ ਜੰਮੂ ਕਸ਼ਮੀਰ ’ਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ। ਜਿੱਥੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਦਿੱਲੀ ਦੇ ਕਾਰੋਬਾਰੀ ਨਿਵੇਸ਼ ਲਈ ਪਹਿਲ ਕਦਮੀ ਦਿਖਾ ਰਹੇ ਹਨ।