ਸੁਨਾਮ ਵਿਖੇ ਕਲੱਬ ਦੇ ਪ੍ਰਬੰਧਕ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸਨਮਾਨ ਕਰਦੇ ਹੋਏ
ਸੁਨਾਮ : ਸ਼ਹੀਦ ਊਧਮ ਸਿੰਘ ਹਾਕੀ ਕਲੱਬ ਸੁਨਾਮ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਦੇ ਐਸਟਰੋਟਰਫ ਗਰਾਊਂਡ ਤੇ ਕਰਵਾਏ ਦੋ ਰੋਜ਼ਾ ਸਿਕਸ ਸਾਈਡ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਬਾਬਾ ਭਾਈ ਮੂਲ ਚੰਦ ਹਾਕੀ ਕਲੱਬ ਛਾਜਲੀ ਨੇ ਡਾਲਾ ਹਾਕੀ ਕਲੱਬ ਮੋਗਾ ਨੂੰ 6-4 ਦੇ ਫ਼ਰਕ ਨਾਲ ਹਰਾਕੇ ਟਰਾਫ਼ੀ ਜਿੱਤੀ। ਫਸਵੇਂ ਮੁਕਾਬਲੇ ਵਿੱਚ ਮੈਚ ਦੇ ਅੱਧੇ ਸਮੇਂ ਤੱਕ ਮੁਕਾਬਲਾ 2-2 ਦੀ ਬਰਾਬਰੀ ਤੇ ਰਿਹਾ। ਹਾਕੀ ਦੇ ਫਾਈਨਲ ਮੁਕਾਬਲੇ ਦੀ ਸ਼ੁਰੂਆਤ ਕਰਵਾਉਣ ਪਹੁੰਚੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦੇ ਮਾਧਿਅਮ ਰਾਹੀਂ ਸੂਬੇ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਕੇ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਹੈ। ਪਿਛਲੇ ਸਮਿਆਂ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਖ਼ਤਮ ਕਰਨ ਲਈ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਦੇ ਜਰੀਏ ਹੀ ਨਸ਼ਿਆਂ ਤੇ ਬੰਨ੍ਹ ਲਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪਿਛਲੇ ਤਿੰਨ ਸਾਲਾਂ ਤੋਂ ਸਿਰਤੋੜ ਯਤਨ ਕਰ ਰਹੀ ਹੈ ਲੇਕਿਨ ਇਕੱਲੀ ਸਰਕਾਰ ਦੇ ਉਪਰਾਲਿਆਂ ਨਾਲ ਨਸ਼ਿਆਂ ਤੇ ਕਾਬੂ ਪਾਇਆ ਜਾਣਾ ਮੁਸ਼ਕਿਲ ਹੈ ਇਸ ਲਈ ਸਾਰਿਆਂ ਨੂੰ ਰਲਕੇ ਹੰਬਲਾ ਮਾਰਨ ਦੀ ਲੋੜ ਹੈ। ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵਚਨਬੱਧ ਹੈ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ ਜਿਸ ਵਿੱਚ ਪਿਛਲੇ ਸਵਾ ਮਹੀਨੇ ਤੋਂ ਵੱਡੀਆਂ ਕਾਮਯਾਬੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਸਰਹੱਦ ਪਾਰ ਤੋਂ ਨਸ਼ਾ ਆਉਂਦਾ ਸੀ ਉਸ ਉੱਪਰ ਵੀ ਸਖਤੀ ਨਾਲ ਰੋਕਣ ਵਿੱਚ ਸਫਲਤਾ ਹਾਸਲ ਹੋ ਰਹੀ ਹੈ। ਉਹਨਾਂ ਆਖਿਆ ਨਸ਼ਿਆਂ ਨੂੰ ਦੋ ਤਰੀਕੇ ਨਾਲ ਹੀ ਰੋਕਿਆ ਜਾ ਸਕਦਾ ਹੈ ਪਹਿਲਾ ਨਸ਼ਿਆਂ ਦੀ ਸਪਲਾਈ ਨੂੰ ਰੋਕਿਆ ਜਾਵੇ ਅਤੇ ਦੂਜਾ ਨਸ਼ਿਆਂ ਦੀ ਮੰਗ ਨੂੰ ਰੋਕਿਆ ਜਾਣਾ।ਨਸ਼ਿਆਂ ਦੀ ਮੰਗ ਘਟਾਉਣ ਦਾ ਸਭ ਤੋਂ ਵੱਡਾ ਜਰੀਆ ਖੇਡ ਮੈਦਾਨ ਹਨ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਲਾਕੇ ਵਿੱਚ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਸਰਕਾਰ ਨੇ ਬਜਟ ਵਿੱਚ ਵੀ ਹਜ਼ਾਰ ਕਰੋੜ ਰੁਪਏ ਸਿਰਫ ਖੇਡਾਂ ਲਈ ਰੱਖੇ ਹਨ ਜੋ 70 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਕੀਤੀ। ਉਨ੍ਹਾਂ ਜੇਤੂ ਅਤੇ ਉਪ ਜੇਤੂ ਟੀਮ ਨੂੰ ਮੁਬਾਰਕਬਾਦ ਦਿੱਤੀ। ਸੁਨਾਮ ਇਲਾਕੇ ਦੇ ਸਵਰਗ ਸੁਧਾਰ ਚੁੱਕੇ ਹਾਕੀ ਖਿਡਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਆਗੂ ਰਵਿੰਦਰ ਸਿੰਘ ਚੀਮਾਂ, ਸਾਬਕਾ ਕੌਂਸਲਰ ਮਨਪ੍ਰੀਤ ਬਾਂਸਲ, ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਅਮਰਿੰਦਰ ਸਿੰਘ ਮੋਨੀ ਨੰਬਰਦਾਰ, ਸਹਾਇਕ ਥਾਣੇਦਾਰ ਕੁਲਦੀਪ ਸਿੰਘ ਧਾਲੀਵਾਲ, ਪ੍ਰੋਫੈਸਰ ਮੁਖਤਿਆਰ ਸਿੰਘ, ਮਾਸਟਰ ਦਲਜੀਤ ਸਿੰਘ, ਹਰਪਾਲ ਸਿੰਘ, ਏਐਸਆਈ ਕੁਲਬੀਰ ਸਿੰਘ, ਸਾਬਕਾ ਕੌਂਸਲਰ ਹਾਕਮ ਸਿੰਘ ਅਤੇ ਸਹਾਇਕ ਥਾਣੇਦਾਰ ਕਪੂਰ ਸਿੰਘ, ਹਾਕੀ ਕੋਚ ਗੁਰਪ੍ਰੀਤ ਸਿੰਘ ਚੀਮਾਂ, ਬਲਵਿੰਦਰ ਭਾਰਦਵਾਜ ਸਮੇਤ ਕਲੱਬ ਦੇ ਮੈਂਬਰ ਅਤੇ ਪਤਵੰਤੇ ਹਾਜਰ ਸਨ।