ਨਵੀਂ ਦਿੱਲੀ : ਕੇਰਲਾ ਵਿਚ 3 ਜੂਨ ਤਕ ਮਾਨਸੂਲ ਦਸਤਕ ਦੇ ਸਕਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿਤੀ ਹੈ। ਇਹ ਗੱਲ ਵੱਖਰੀ ਹੈ ਕਿ ਨਿਜੀ ਮੌਸਮ ਪੁਨਰਅਨੁਮਾਨ ਏਜੰਸੀ ਸਕਾਈਮੈਟ ਨੇ ਮਾਨਸੂਨ ਦੇ ਕੇਰਲਾ ਪਹੁੰਚਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ 31 ਮਈ ਨੂੰ ਮਾਨਸੂਨ ਦੇ ਕੇਰਲਾ ਪਹੁੰਚਣ ਦੀ ਭਵਿੱਖਬਾਣੀ ਕੀਤੀ ਸੀ। ਵਿਭਾਗ ਨੇ ਕਿਹਾ, ‘ਇਕ ਜੂਨ ਤੋਂ ਦਖਣੀ ਪਛਮੀ ਹਵਾਵਾਂ ਹੌਲੀ ਹੌਲੀ ਜ਼ੋਰ ਫੜ ਸਕਦੀਆਂ ਹਨ ਜਿਸ ਕਾਰਨ ਕੇਰਲਾ ਵਿਚ ਮੀਂਹ ਸਬੰਧੀ ਗਤੀਵਿਧੀ ਵਿਚ ਤੇਜ਼ੀ ਆ ਸਕਦੀ ਹੈ। ਸੋ ਕੇਰਲਾ ਵਿਚ ਤਿੰਨ ਜੂਨ ਦੇ ਨੇੜੇ-ਤੇੜੇ ਮਾਨਸੂਨ ਪਹੁੰਚਣ ਦੀ ਉਮੀਦ ਹੈ।’ ਮੌਸਮ ਵਿਭਾਗ ਮੁਤਾਬਕ ਇਸ ਸਾਲ ਦਖਣੀ ਪਛਮੀ ਮਾਨਸੂਨ ਦੇ ਆਮ ਰਹਿਣ ਦੀ ਉਮੀਦ ਹੈ। ਜੂਨ ਤੋਂ ਲੈ ਕੇ ਸਤੰਬਰ ਤਕ ਮੀਂਹ ਦੇ ਆਸਾਰ ਹਨ। ਪਿਛਲੇ ਮਹੀਨੇ ਵਰਚੂਅਲ ਮੀਟਿੰਗ ਵਿਚ ਪ੍ਰਿਥਵੀ ਵਿਗਿਆਲ ਮੰਤਰਾਲੇ ਦੇ ਸਕੱਤਰ ਮਾਧਵਲ ਰਾਜੀਵਨ ਨੇ ਕਿਹਾ ਸੀ ਕਿ ਮਾਨਸੂਨ ਦੇ ਲੰਮੇ ਅਰਸੇ ਦਾ ਔਸਤ 98 ਫ਼ੀਸਦੀ ਹੋਵੇਗਾ ਜੋ ਆਮ ਸ਼੍ਰੇਣੀ ਵਿਚ ਆਉਂਦਾ ਹੈ। 98 ਫ਼ੀਸਦੀ ਦੇ ਅਗਾਊਂ ਅਨੁਮਾਨ ਦਾ ਮਤਲਬ ਹੈ ਕਿ ਇਸ ਸਾਲ ਮਾਨਸੂਨ ਸੀਜ਼ਨ ਦੇ ਦੌਰਾਨ ਲਗਭਗ 86.2 ਸੈਂਟੀਮੀਟਰ ਮੀਂਹ ਪਵੇਗਾ।