ਚੰਡੀਗੜ੍ਹ : ਮੌਸਮ ਵਿਭਾਗ ਨੇ ਦਸਿਆ ਕਿ ਦੇਸ਼ ਵਿਚ ਇਸ ਸਾਲ ਮਾਨਸੂਨ ਆਮ ਰਹਿਣ ਦਾ ਅਨੁਮਾਨ ਹੈ। ਬੇਸ਼ੱਕ ਮਾਨਸੂਨ ਆਉਣ ਵਿਚ ਹਾਲੇ ਕੁੱਝ ਦੇਰੀ ਹੈ ਪਰ ਅੱਜ ਇਕ ਵਾਰ ਫਿਰ ਤੋਂ ਚੰਡੀਗੜ੍ਹ ਅਤੇ ਪੰਜਾਬ ਵਿਚ ਹਲਕੀ ਬਾਰਸ਼ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਬੀਤੇ ਦਿਨਾਂ ਦੀ ਤਰ੍ਹਾਂ ਅੱਜ ਯਾਨੀ ਕਿ ਬੁੱਧਵਾਰ ਨੂੰ ਤੇਜ਼ ਹਵਾਵਾਂ ਵੀ ਚੱਲਣਗੀਆਂ। ਪੰਜਾਬ ਵਿਚ ਪੱਛਮੀ ਪੌਣਾਂ ਨੇ ਮੌਸਮ ਬਦਲ ਦਿੱਤਾ ਹੈ। ਪੀਏਯੂ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਅਨੁਸਾਰ ਬੁੱਧਵਾਰ ਨੂੰ ਪੰਜਾਬ ਵਿਚ ਕਈ ਥਾਈਂ ਬੱਦਲਵਾਈ ਰਹਿਣ ਤੇ ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਵੀ ਚੱਲਣਗੀਆਂ। ਵੀਰਵਾਰ ਤੋਂ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਡਾ. ਸਿੱਧੂ ਅਨੁਸਾਰ ਤਿੰਨ ਜੂਨ ਨੂੰ ਮੌਨਸੂਨ ਕੇਰਲ ਪੁੱਜ ਜਾਵੇਗਾ ਤੇ ਜੂਨ ਦੇ ਆਖਰੀ ਹਫ਼ਤੇ ਇਸ ਦੇ ਪੰਜਾਬ ਤੇ ਹਰਿਅਣਾ ਪੁੱਜਣ ਦੀ ਸੰਭਾਵਨਾ ਹੈ।ਮੰਗਲਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ਵਿਚ ਤੜਕੇ ਤਿੰਨ ਵਜੇ ਤੋਂ ਬਾਅਦ ਤੇਜ਼ ਹਵਾਵਾਂ ਦਰਮਿਆਨ ਹਲਕੀ ਬਾਰਿਸ਼ ਦਰਜ ਕੀਤੀ ਗਈ ਜਿਸ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੀ ਉੱਥੇ ਕਿਸਾਨਾਂ ਨੂੰ ਫ਼ਸਲਾਂ ਲਈ ਕੁਦਰਤੀ ਪਾਣੀ ਮਿਲ ਗਿਆ। ਹਨੇਰੀ ਤੇ ਬਾਰਿਸ਼ ਨਾਲ ਤਾਪਮਾਨ 'ਚ ਵੀ ਆਮ ਨਾਲੋਂ 8 ਤੋਂ 12 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ।